ਮਾਂ ਬੋਲੀ ਮੇਰੀ ਪਿਆਰੀ ਪੰਜਾਬੀ,
ਰੂਹ ਮੇਰੀ ਦੇ ਜਿੰਦਰੇ ਦੀ ਚਾਬੀ।
ਸੀ. ਬੀ.ਐਸ.ਈ.ਵੱਲੋਂ 2025- 26 ਦੇ ਪਾਠਕ੍ਰਮ ਵਿੱਚੋਂ ਖੇਤਰੀ ਭਾਸ਼ਾਵਾਂ ਵਿੱਚੋਂ ਪੰਜਾਬੀ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਜੋ ਕਿ ਸਾਡੀ ਪੰਜਾਬੀ ਮਾਂ ਬੋਲੀ ਨਾਲ ਬਿਲਕੁਲ ਹੀ ਧੱਕਾ ਕੀਤਾ ਗਿਆ ਹੈ। ਪੰਜਾਬੀ ਬੋਲੀ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਬੋਲੀ ਅਤੇ ਪੜ੍ਹੀ ਜਾਂਦੀ ਹੈ। ਇਹ ਵੱਖ ਵੱਖ ਰਾਜਾਂ ਵਿੱਚ ਵੀ ਪੜੀ ਅਤੇ ਬੋਲੀ ਜਾਂਦੀ ਹੈ। ਮਾਂ ਬੋਲੀ ਉੱਤੇ ਇਹ ਸਿੱਧਾ ਹਮਲਾ ਕੀਤਾ ਗਿਆ ਹੈ ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਨੈਸ਼ਨਲ ਐਜੂਕੇਸ਼ਨ ਪਾਲਸੀ 2020 ਦੇ ਤਹਿਤ ਦਸਵੀਂ ਅਤੇ ਬਾਰਵੀਂ ਦੇ ਬੋਰਡ ਦੇ ਇਮਤਿਹਾਨਾਂ ਦੀ ਡਰਾਫਟ ਕੀਤੀ ਗਈ ਨੀਤੀ ਵਿੱਚ ਪੰਜਾਬੀ ਮਾਂ ਬੋਲੀ ਨੂੰ ਖੇਤਰੀ ਭਾਸ਼ਾਵਾਂ ਦੀ ਲਿਸਟ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਪੰਜਾਬੀ ਨਾਲ ਇਹ ਬਹੁਤ ਵੱਡਾ ਧੱਕਾ ਕੀਤਾ ਗਿਆ ਹੈਂ। ਪੰਜਾਬੀ ਦੁਨੀਆ ਭਰ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਅਹਿਮ ਭਾਸ਼ਾ ਹੈ। ਕੇਂਦਰ ਸਰਕਾਰ ਨੇ ਪਹਿਲਾਂ ਜੰਮੂ ਅਤੇ ਕਸ਼ਮੀਰ ਵਿੱਚ ਸਿਲੇਬਸ ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰ ਦਿੱਤਾ ਹੈਂ। ਹੁਣ ਸੀ. ਬੀ. ਐਸ. ਈ. ਬੋਰਡ ਨੇ ਦਸਵੀਂ ਅਤੇ ਬਾਰਵੀਂ ਦੇ ਸਿਲੇਬਸ ਵਿੱਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕੱਢ ਦਿੱਤਾ ਹੈ। ਪੰਜਾਬੀ ਮਾਂ ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸੀ. ਬੀ. ਐਸ.ਈ.ਵੱਲੋਂ ਦਸਵੀਂ ਜਮਾਤ ਲਈ ਇਮਤਿਹਾਨ ਦੇ ਨਵੇਂ ਪੈਟਰਨ ਵਿੱਚ ਪੰਜਾਬੀ ਨੂੰ ਬਿਲਕੁਲ ਹੀ ਅਣਗੌਲਿਆ ਗਿਆ ਹੈ।
ਪੰਜਾਬੀ ਮੇਰੀ ਮਾਂ ਬੋਲੀ ਹੈ,
ਜੋ ਗੈਰਾਂ ਨੇ ਬਣਾਈ ਗੋਲੀ ਹੈ।
ਰਾਫਟ ਨੀਤੀ ਵਿੱਚੋਂ ਪੰਜਾਬੀ ਕੋਡ (004) ਨੂੰ ਬਾਹਰ ਰੱਖਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ,ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਐਲੀਮੈਂਟਰੀ, ਡਾਇਰੈਕਟਰ ਐਸ. ਈ.ਆਰ.ਟੀ ਪੰਜਾਬ, ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ, ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਪੰਜਾਬ ਦੇ ਨਾਂ ਇਹ ਨੋਟੀਫਿਕੇਸ਼ਨ ਜਾਰੀ ਕਰਦਿਆਂ ਹੁਕਮ ਕੀਤੇ ਹਨ ਕਿ ਕੋਈ ਵੀ ਬੋਰਡ ਜਾਂ ਸੰਸਥਾ ਕਿਸੇ ਕਿਸੇ ਵੀ ਵਿਦਿਆਰਥੀ ਨੂੰ ਉਦੋਂ ਤੱਕ ਮੈਟਰਿਕ ਦਾ ਸਰਟੀਫਿਕੇਟ ਨਹੀਂ ਦੇਵੇਗੀ ਜਦੋਂ ਤੱਕ ਉਸ ਵਿਦਿਆਰਥੀ ਨੇ ਦਸਵੀਂ ਕਲਾਸ ਦੀ ਪ੍ਰੀਖਿਆ ਵਿੱਚ ਪੰਜਾਬੀ ਵਿਸ਼ਾ ਪਾਸ ਨਾ ਕੀਤਾ ਹੋਵੇ। ਇਹ ਐਲਾਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਗਿਆ ਹੈ। ਸੂਬੇ ਦੇ ਸਾਰੇ ਸਕੂਲਾਂ ਲਈ ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਭਾਵੇਂ ਬੋਰਡ ਕੋਈ ਵੀ ਹੋਵੇ ਪੰਜਾਬੀ ਨੂੰ ਮੁੱਖ ਅਤੇ ਲਾਜ਼ਮੀ ਵਿਸ਼ੇ ਵਜੋਂ ਪੜਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਦੁਨੀਆਂ ਨੂੰ ਰਾਹ ਦਿਖਾਵਾਂਗੇ,
ਪੰਜਾਬੀ ਨੂੰ ਸਿਰ ਦਾ ਤਾਜ ਬਣਾਵਾਂਗੇ,
ਬਣਦਾ ਮਾਣ ਦਿਵਾਵਾਂਗੇ,
ਮਾਂ ਬੋਲੀ ਦੀ ਸ਼ਾਨ ਵਧਾਵਾਂਗੇ।
ਲੇਖਣੀ
ਹਰਜਿੰਦਰ ਕੌਰ
ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ( ਮੋਹਾਲੀ)7657894853
