ਐਤਵਾਰ ਦੀ ਛੁੱਟੀ ਵਾਲੇ ਦਿਨ ਖ਼ਤਮ ਹੋ ਸਕਦਾ ਹੈ ਮਾਨਸੂਨ ਦਾ ਇੰਤਜ਼ਾਰ

ਚੰਡੀਗੜ੍ਹ : ਭਿਆਨਕ ਗਰਮੀ ਅਤੇ ਹੁੰਮਸ ਸਹਿਣ ਤੋਂ ਬਾਅਦ ਮੀਂਹ ਦਾ ਇੰਤਜ਼ਾਰ ਐਤਵਾਰ ਨੂੰ ਖ਼ਤਮ ਹੋਣ ਦੀ ਸੰਭਾਵਨਾ ਹੈ। ਹਿਮਾਚਲ ਅਤੇ ਉੱਤਰਾਖੰਡ ਪਹੁੰਚ ਚੁੱਕਿਆ ਮਾਨਸੂਨ ਦਾ ਪਹਿਲਾ ਮੀਂਹ ਐਤਵਾਰ ਦੀ ਛੁੱਟੀ ਵਾਲੇ ਦਿਨ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਨੂੰ ਭਿਓਂ ਸਕਦਾ ਹੈ। ਇਸ ਤੋਂ ਪਹਿਲਾਂ 73 ਫ਼ੀਸਦੀ ਤੱਕ ਪਹੁੰਚੀ ਹੁੰਮਸ ਨੇ ਸ਼ਨੀਵਾਰ ਨੂੰ ਪਸੀਨੇ ਵਾਲਾ ਦਿਨ ਬਣਾ ਦਿੱਤਾ। ਦੁਪਹਿਰ ਵੇਲੇ ਤਾਪਮਾਨ ਫਿਰ 35 ਡਿਗਰੀ ਤੋਂ ਉੱਪਰ ਰਿਹਾ ਪਰ ਹੁਣ ਮਾਨਸੂਨ ਦੇ ਆਉਣ ਲਈ ਅਨੁਕੂਲ ਹਾਲਾਤ ਪੈਦਾ ਹੋ ਗਏ ਹਨ। ਭਾਵੇਂ ਸ਼ੁੱਕਰਵਾਰ ਰਾਤ ਨੂੰ ਸ਼ਹਿਰ ਵਿਚ ਥੋੜ੍ਹਾ ਮੀਂਹ ਪਿਆ ਪਰ ਦੁਪਹਿਰ ਵੇਲੇ ਨਮੀ ਦੇ ਪੱਧਰ ਨੇ ਤਾਪਮਾਨ ਵਿਚ ਵਾਧੇ ਦੇ ਨਾਲ-ਨਾਲ ਮੌਸਮ ਨੂੰ ਹੁੰਮਸ ਵਾਲਾ ਬਣਾਈ ਰੱਖਿਆ। ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਐਤਵਾਰ ਤੋਂ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿਚ ਮਾਨਸੂਨ ਪਹੁੰਚਣ ਦੀ ਪੂਰੀ ਸੰਭਾਵਨਾ ਹੈ।


ਹੁਣ ਸਿਰਫ਼ ਚੰਡੀਗੜ੍ਹ, ਪੰਜਾਬ, ਹਰਿਆਣਾ ਹੀ ਮਾਨਸੂਨ ਤੋਂ ਅਛੂਤੇ
ਮਾਨਸੂਨ ਹੁਣ ਲਗਭਗ ਪੂਰੇ ਦੇਸ਼ ਨੂੰ ਕਵਰ ਕਰ ਚੁੱਕਾ ਹੈ। ਸ਼ੁੱਕਰਵਾਰ ਨੂੰ ਹਿਮਾਚਲ ਅਤੇ ਉੱਤਰਾਖੰਡ ਵਿਚ ਵੀ ਮਾਨਸੂਨ ਦਾ ਮੀਂਹ ਸ਼ੁਰੂ ਹੋ ਗਿਆ। ਹੁਣ, ਉੱਤਰ-ਪੱਛਮੀ ਰਾਜਸਥਾਨ, ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿਚ ਮਾਨਸੂਨ ਦੀ ਉਡੀਕ ਹੈ ਪਰ ਇਹ ਰਾਹਤ ਦੀ ਗੱਲ ਹੈ ਕਿ ਮਾਨਸੂਨ ਲਈ ਲੋੜੀਂਦੇ ਹਾਲਾਤ ਅਨੁਕੂਲ ਬਣੇ ਹੋਏ ਹਨ। ਮਾਨਸੂਨ ਟਰਫ ਅਤੇ ਉੱਪਰੀ ਹਵਾ ਦੇ ਚੱਕਰਵਾਤੀ ਸਰਕੂਲੇਸ਼ਨ ਤੋਂ ਇਲਾਵਾ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ ਉੱਤਰੀ ਭਾਰਤ ਵਿਚ ਮਾਨਸੂਨ ਨੂੰ ਸਰਗਰਮ ਕਰਨ ਵਿਚ ਮਦਦ ਕਰ ਰਹੀਆਂ ਹਨ। ਇਸ ਵਾਰ ਮਾਨਸੂਨ ਇੱਕ ਹਫ਼ਤਾ ਪਹਿਲਾਂ ਆ ਸਕਦਾ ਹੈ ਅਤੇ ਸ਼ਹਿਰ ਨੂੰ ਮੀਂਹ ਨਾਲ ਭਿਓਂ ਸਕਦਾ ਹੈ।
 

By Gurpreet Singh

Leave a Reply

Your email address will not be published. Required fields are marked *