ਪੰਜਾਬ ‘ਚ ਮੌਸਮ ਨੇ ਬਦਲਿਆ ਮਿਜਾਜ਼, ਬਾਰਿਸ਼ ਨੇ ਵਧਾਈ ਕਿਸਾਨਾਂ ਦੀ ਚਿੰਤਾ, ਖੜ੍ਹੀ ਹੋਈ ਵੱਡੀ ਮੁਸੀਬਤ!

ਟਾਂਡਾ ਉੜਮੁੜ- ਪੰਜਾਬ ਵਿਚ ਲਗਾਤਾਰ ਪੈ ਰਹੀ ਗਰਮੀ ਦਰਮਿਆਨ ਮੌਸਮ ਦਾ ਮਿਜਾਜ਼ ਬਦਲਣ ਨਾਲ ਥੋੜ੍ਹੀ ਰਾਹਤ ਮਿਲੀ ਹੈ। ਉਥੇ ਹੀ ਬਦਲੇ ਮੌਸਮ ਕਾਰਨ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਤੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਅੱਜ ਸਵੇਰ ਸਾਰ ਟਾਂਡਾ ਇਲਾਕੇ ਵਿੱਚ ਪਈ ਬਾਰਿਸ਼ ਨੇ ਜਿੱਥੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ, ਉੱਥੇ ਹੀ ਕਿਸਾਨਾਂ ਦੀ ਖੇਤਾਂ ਵਿੱਚ ਖੜ੍ਹੀ ਹਾੜੀ ਦੀ ਪ੍ਰਮੁੱਖ ਕਣਕ ਦੀ ਫ਼ਸਲ ਪੱਕੀ ਹੋਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਹੋਇਆ ਹੈ। ਇਥੇ ਇਹ ਵੀ ਦੱਸ ਦੇਈਏ ਕਿ ਟਾਂਡਾ ਸਮੇਤ ਹੋਰ ਵੀ ਕਈ ਜ਼ਿਲ੍ਹਿਆਂ ਵਿਚ ਪਈ ਬਾਰਿਸ਼ ਤੋਂ ਥੋੜ੍ਹੀ ਰਾਹਤ ਮਿਲੀ ਹੈ। 

PunjabKesari

ਜ਼ਿਕਰਯੋਗ ਹੈ ਕਿ ਟਾਂਡਾ ਇਲਾਕੇ ਵਿੱਚ ਪਹਿਲਾਂ ਤੋਂ ਹੀ ਵਾਢੀ ਦਾ ਕੰਮ ਚੱਲ ਰਿਹਾ ਹੈ ਅਤੇ ਕਣਕ ਦੀ ਕਟਾਈ ਦਾ ਕੰਮ ਹੋਰ ਪਛੜ ਸਕਦਾ ਹੈ। ਟਾਂਡਾ ਇਲਾਕੇ ਵਿੱਚ ਹੋਈ ਬਾਰਿਸ਼ ਨਾਲ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਵਾਢੀ ਦਾ ਸੀਜਨ ਸ਼ੁਰੂ ਹੋਣ ਦੇ ਕਾਰਨ ਕਿਸਾਨਾਂ ਨੂੰ ਖੇਤਾਂ ਵਿੱਚ ਪੱਕੀ ਫ਼ਸਲ ਦੀ ਚਿੰਤਾ ਸਤਾ ਰਹੀ ਹੈ। ਧੀਆਂ-ਪੁੱਤਾਂ ਵਾਂਗੂ ਪਾਲੀ ਹੋਈ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਨੇ ਕਈ ਆਸਾਂ ਅਤੇ ਉਮੀਦਾਂ ਲਾਈਆਂ ਹੋਈਆਂ ਹਨ। 

ਇਸ ਸਬੰਧੀ ਸੇਵਾ ਮੁਕਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾਕਟਰ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਕਿ ਜੇਕਰ ਬਾਰਿਸ਼ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ਤਾਂ ਕਣਕ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ। ਦੂਜੇ ਪਾਸੇ ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਟਾਂਡਾ ਦੀ ਪ੍ਰਮੁੱਖ ਦਾਣਾ ਮੰਡੀ ਅਤੇ ਇਸ ਦੀਆਂ ਸਹਾਇਕ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਕਰਨ ਵਾਸਤੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਕਣਕ ਦੀ ਕਟਾਈ ਦਾ ਕੰਮ ਆਰੰਭ ਨਹੀਂ ਹੋ ਸਕਿਆ। 

By Gurpreet Singh

Leave a Reply

Your email address will not be published. Required fields are marked *