ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬੁਲੰਦਸ਼ਹਿਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਥਾਣਾ ਔਰੰਗਾਬਾਦ ਅਧੀਨ ਪੈਂਦੇ ਪਿੰਡ ਦੌਲਤਾਬਾਦ ਵਿਖੇ ਸ਼ੁੱਕਰਵਾਰ ਦੀ ਰਾਤ ਨੂੰ ਇਕ ਵਿਅਕਤੀ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਔਰੰਗਾਬਾਦ ਥਾਣਾ ਇਲਾਕੇ ਦੇ ਪਿੰਡ ਦੌਲਤਾਬਾਦ ਵਿਖੇ ਸ਼ੁੱਕਰਵਾਰ ਦੀ ਰਾਤ ਨੂੰ ਸੰਜੈ (52) ਆਪਣੇ ਇਕ ਸਾਥੀ ਜਤਿੰਦਰ ਨਾਲ ਘਰ ਜਾ ਰਿਹਾ ਸੀ ਕਿ ਇਸ ਦੌਰਾਨ ਉਨ੍ਹਾਂ ਨੂੰ ਰਸਤੇ ‘ਚ ਪੈਦਲ ਤੁਰੇ ਜਾਂਦੇ 2 ਨੌਜਵਾਨ ਮਿਲੇ, ਜਿਨ੍ਹਾਂ ਨੂੰ ਸੰਜੈ ਨੇ ਜਦੋਂ ਟੋਕਿਆ ਤਾਂ ਉਸ ਨੇ ਸੰਜੈ ਨੂੰ ਗੋਲ਼ੀ ਮਾਰ ਦਿੱਤੀ।
ਇਸ ਮਗਰੋਂ ਉਹ ਫਰਾਰ ਹੋ ਗਏ ਤੇ ਸੰਜੈ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਤੇ ਉਸ ਦੇ 2 ਬੱਚੇ ਗਾਜ਼ੀਆਬਾਦ ਰਹਿੰਦੇ ਹਨ ਤੇ ਉਹ ਇੱਥੇ ਆਪਣੀ ਮਾਂ ਨਾਲ ਰਹਿੰਦਾ ਸੀ। ਫਿਲਹਾਲ ਪੁਲਸ ਨੂੰ ਮੌਕੇ ਤੋਂ ਇਕ ਪਿਸਤੌਲ ਤੇ ਇਕ ਖੋਲ ਬਰਾਮਦ ਹੋਇਆ ਹੈ ਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।