ਚੰਡੀਗੜ੍ਹ : ਸ਼ਹਿਰ ’ਚ ਪਾਣੀ ਦੀ ਬਰਬਾਦੀ ਕਰਨ ’ਤੇ ਹੁਣ ਜੇਬ ਢਿੱਲੀ ਕਰਨੀ ਪਵੇਗੀ। ਚੰਡੀਗੜ੍ਹ ਨਗਰ ਨਿਗਮ ਨੇ ਗਰਮੀਆਂ ਦੌਰਾਨ ਪੀਣ ਵਾਲਾ ਪਾਣੀ ਬਚਾਉਣ ਦੀ ਯੋਜਨਾ ਤਿਆਰ ਕੀਤੀ ਹੈ। ਸਮੇਂ-ਸਮੇਂ ’ਤੇ ਸੋਧੇ ਚੰਡੀਗੜ੍ਹ ਜਲ ਸਪਲਾਈ ਉਪ-ਨਿਯਮਾਂ ਦੀ ਧਾਰਾ 13 (ਐਕਸ) 29 (ਏ) 34 (ਡੀ), (ਈ), (ਜੀ) ਅਤੇ 47 ਤਹਿਤ ਕਿਸੇ ਵੀ ਨਾਗਰਿਕ ਜਾਂ ਸੰਸਥਾ ਦੁਆਰਾ ਪਾਣੀ ਦੀ ਬਰਬਾਦੀ ਲਈ ਭਾਰੀ ਜੁਰਮਾਨਾ ਲਾਉਣ ਦੀ ਯੋਜਨਾ ਬਣਾਈ ਗਈ ਹੈ।
ਜਲ ਸੰਭਾਲ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਪਾਣੀ ਦੀ ਸਪਲਾਈ ਸਮੇਂ ਦੌਰਾਨ ਲਾਅਨ ਨੂੰ ਪਾਣੀ ਲਾਉਣ, ਵਾਹਨਾਂ ਤੇ ਵਿਹੜਿਆਂ ਨੂੰ ਧੋਣ ਆਦਿ, ਓਵਰਹੈੱਡ/ਭੂਮੀਗਤ ਪਾਣੀ ਦੀਆਂ ਟੈਂਕੀਆਂ ਤੋਂ ਓਵਰਫਲੋ, ਪਾਣੀ ਦੇ ਮੀਟਰ ਚੈਂਬਰ ਤੋਂ ਲੀਕੇਜ, ਬਿਬ ਟੈਪ ਨਾ ਲਾਉਣ ਕਾਰਨ ਪਾਣੀ ਦੀ ਬਰਬਾਦੀ, ਫੈਰੂਲ ਤੋਂ ਪਾਣੀ ਦੇ ਮੀਟਰ ਤੱਕ ਪਾਈਪਲਾਈਨ ਵਿਚ ਲੀਕੇਜ, ਡੇਜ਼ਰਟ ਕੂਲਰ ਤੋਂ ਲੀਕੇਜ, ਪਾਣੀ ਦੀ ਸਪਲਾਈ ਲਾਈਨ ‘ਤੇ ਸਿੱਧੇ ਬੂਸਟਰ ਪੰਪ ਦੀ ਸਥਾਪਨਾ ਅਤੇ ਵਰਤੋਂ ਅਤੇ ਕਿਸੇ ਹੋਰ ਕਾਰਨ ਕਰਕੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇਗਾ।
ਉਨ੍ਹਾਂ ਕਿਹਾ ਕਿ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਦੇ ਪਾਣੀ ਦੇ ਕੁਨੈਕਸ਼ਨ ਬਿਨਾਂ ਕਿਸੇ ਅਗਾਊਂ ਸੂਚਨਾ ਤੋਂ ਮੁਅੱਤਲ ਕਰ ਦਿੱਤੇ ਜਾਣਗੇ ਅਤੇ ਜੁਰਮਾਨਾ ਲਾਇਆ ਜਾਵੇਗਾ। ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨੋਟਿਸ ਜਾਰੀ ਹੋਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼/ਗਲਤੀ ਨੂੰ ਠੀਕ ਕਰਵਾ ਲੈਣ। ਅਜਿਹਾ ਨਾ ਕਰਨ ‘ਤੇ ਉਕਤ ਕੰਪਲੈਕਸ ’ਚ ਪਾਣੀ ਦੀ ਸਪਲਾਈ ਬੰਦ/ਕੱਟ ਦਿੱਤੀ ਜਾਵੇਗੀ ਤੇ ਉਪ-ਨਿਯਮਾਂ ਦੇ ਉਪਬੰਧਾਂ ਦੀ ਉਲੰਘਣਾ ਲਈ 5788 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ, ਜੋ ਨਿਯਮਤ ਪਾਣੀ ਸਪਲਾਈ ਚਾਰਜ ਬਿੱਲ ਰਾਹੀਂ ਵਸੂਲਿਆ ਜਾਵੇਗਾ।
ਕਮਿਸ਼ਨਰ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੀਮਤੀ ਪਾਣੀ ਦੀ ਬਰਬਾਦੀ ਨੂੰ ਰੋਕ ਕੇ ਤੇ ਪਾਣੀ ਦੀ ਸੰਭਾਲ ਕਰ ਕੇ ਮੰਗ ਨੂੰ ਪੂਰਾ ਕਰਨ ’ਚ ਨਿਗਮ ਨੂੰ ਸਹਿਯੋਗ ਦੇਣ ਅਤੇ ਮਦਦ ਕਰਨ।