ਲੁਧਿਆਣਾ ’ਚ ਪੈਟਰੋਲ-ਡੀਜ਼ਲ ਨੂੰ ਲੈ ਕੇ ਲੋਕਾਂ ’ਚ ਡਰ ਦਾ ਮਾਹੌਲ

ਗੁਰਪ੍ਰੀਤ ਸਿੰਘ :- ਅੰਤਰਰਾਸ਼ਟਰੀ ਤਣਾਅ ਦੇ ਮੱਦੇਨਜ਼ਰ ਲੁਧਿਆਣਾ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਇਸ ਸਮੇਂ ਸ਼ਹਿਰ ਦੇ ਪੈਟਰੋਲ ਪੰਪਾਂ ’ਤੇ ਇੰਧਨ ਦੀ ਕੋਈ ਘਾਟ ਨਹੀਂ ਹੈ, ਪਰ ਲੋਕ ਭਵਿੱਖ ਨੂੰ ਲੈ ਕੇ ਅਣਸ਼ਚਿਤਤਾ ਮਹਿਸੂਸ ਕਰ ਰਹੇ ਹਨ।

ਸਵੇਰੇ ਆਪਣੇ ਦਫ਼ਤਰਾਂ ਅਤੇ ਕਾਰੋਬਾਰਾਂ ਲਈ ਨਿਕਲੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਆਸਾਨੀ ਨਾਲ ਮਿਲ ਰਿਹਾ ਹੈ, ਪਰ ਜੇਕਰ ਜੰਗ ਦੀ ਸਥਿਤੀ ਲੰਮੀ ਚੱਲਦੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਸਪਲਾਈ ’ਚ ਕਮੀ ਅਤੇ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਦਾ ਸਿੱਧਾ ਅਸਰ ਟ੍ਰਾਂਸਪੋਰਟ ਅਤੇ ਰੋਜ਼ਮਰਰਾ ਦੀਆਂ ਚੀਜ਼ਾਂ ’ਤੇ ਪਵੇਗਾ, ਜਿਸ ਨਾਲ ਮਹਿੰਗਾਈ ਹੋਰ ਵਧ ਸਕਦੀ ਹੈ।

ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀ ਕਮੀ ਬਾਰੇ ਅਫਵਾਹਾਂ ਕਾਰਨ ਰਾਤ ਸਮੇਂ ਪੈਟਰੋਲ ਪੰਪਾਂ ’ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸਨ। ਹਾਲਾਂਕਿ ਸਰਕਾਰ ਵੱਲੋਂ ਵਾਰ-ਵਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿੱਚ ਇੰਧਨ ਦੀ ਕੋਈ ਕਮੀ ਨਹੀਂ ਹੈ ਅਤੇ ਸਪਲਾਈ ਨਾਰਮਲ ਹੈ।

ਇਸਦੇ ਨਾਲ ਹੀ ਗੈਸ ਸਿਲੰਡਰਾਂ ਦੀ ਕਮੀ ਅਤੇ ਕੱਚੇ ਤੇਲ ਦੀ ਆਮਦ ਘਟਣ ਦੀਆਂ ਖਬਰਾਂ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਆਮ ਜਨਤਾ ਲਈ ਘਰੇਲੂ ਖਰਚੇ ਚਲਾਉਣ ਮੁਸ਼ਕਲ ਹੋ ਸਕਦੇ ਹਨ।

ਕੁੱਲ ਮਿਲਾ ਕੇ ਹਾਲਾਤ ਫਿਲਹਾਲ ਕਾਬੂ ਵਿੱਚ ਹਨ, ਪਰ ਲੋਕਾਂ ਦੇ ਮਨ ਵਿੱਚ ਡਰ ਅਤੇ ਅਣਸ਼ਚਿਤਤਾ ਬਣੀ ਹੋਈ ਹੈ, ਜਿਸ ਕਾਰਨ ਉਹ ਭਵਿੱਖ ਨੂੰ ਲੈ ਕੇ ਚਿੰਤਿਤ ਹਨ।

By Gurpreet Singh

Leave a Reply

Your email address will not be published. Required fields are marked *