ਦੇਸ਼ ਤੇ ਦੁਨੀਆ ਦੇ ਇਤਿਹਾਸ ‘ਚ ਕਮਿਊਨਿਸਟਾਂ ਦੀ ਭੂਮਿਕਾ ਦਾ ਕੋਈ ਬਦਲ ਨਹੀਂ : ਸੇਖੋਂ

ਦੇਸ਼ ਤੇ ਦੁਨੀਆ ਦੇ ਇਤਿਹਾਸ 'ਚ ਕਮਿਊਨਿਸਟਾਂ ਦੀ ਭੂਮਿਕਾ ਦਾ ਕੋਈ ਬਦਲ ਨਹੀਂ : ਸੇਖੋਂ

ਡੇਰਾਬੱਸੀ (ਗੁਰਪ੍ਰੀਤ ਸਿੰਘ): ਡੇਰਾਬੱਸੀ ਵਿਖੇ ਕਾਮਰੇਡ ਰਤਨ ਸਿੰਘ ਹੈਬਤਪੁਰ ਅਤੇ ਹੋਰਨਾਂ ਮਹਾਨ ਕਮਿਉਨਿਸਟ ਸ਼ਹੀਦਾਂ ਦੀ ਯਾਦ ਵਿੱਚ 9ਵਾਂ ਸ਼ਰਧਾਂਜਲੀ ਸਮਾਗਮ ਮਨਾਇਆ ਗਿਆ। ਇਹ ਸਮਾਗਮ ਕਾਮਰੇਡ ਰਤਨ ਸਿੰਘ ਮਾਰਕਸਵਾਦੀ ਚੇਤਨਾ ਕੇਂਦਰ ਵਿਖੇ ਆਯੋਜਿਤ ਹੋਇਆ, ਜਿਸ ਵਿੱਚ ਸੀਪੀਆਈ (ਐਮ ) ਦੇ ਸੂਬਾਈ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ,ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ,ਕਾਮਰੇਡ ਜਤਿੰਦਰ ਸਿੰਘ, ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਅਤੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ।

ਸਮਾਗਮ ਦੀ ਸ਼ੁਰੂਆਤ ਬਜ਼ੁਰਗ ਕਮਿਉਨਿਸਟ ਆਗੂ ਕਾਮਰੇਡ ਲਾਭ ਸਿੰਘ ਵੱਲੋਂ ਝੰਡਾ ਝੁਲਾਉਣ ਦੀ ਰਸਮ ਨਾਲ ਹੋਈ ਤੇ ਉਪਰੰਤ ਪੰਡਾਲ ਵਿੱਚ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਸਮਾਗਮ ਦੌਰਾਨ ਕਾਮਰੇਡ ਸੇਖੋਂ ਨੇ ਕਿਹਾ ਅਜਿਹੇ ਲੋਕ ਦੁਨੀਆ ਵਿਚ ਵਿਰਲੇ ਹੀ ਹੁੰਦੇ ਹਨ ,ਜੋ ਆਪਣਾ ਜੀਵਨ ਤੇ ਕਾਰੋਬਾਰ ਲੋਕਾਈਂ ਅਤੇ ਦੇਸ਼ ਲਈ ਵਾਰ ਜਾਂਦੇ ਹਨ । ਕੌਮਾਂਤਰੀ ਸਿਆਸਤ ਬਾਰੇ ਚਾਨਣਾ ਪਾਉਂਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਮੇਂ ਖੁਦ ਨੂੰ ਦੁਨੀਆ ਦਾ ਥਾਣੇਦਾਰ ਸਮਝ ਰਿਹਾ ਹੈ ਤੇ ਉਸ ਦਾ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੰਸਕੀ ਸਮੇਤ ਭਾਰਤ ਦੀ ਸਰਕਾਰ ਅਤੇ ਲੋਕਾਂ ਨਾਲ ਵਿਵਹਾਰ ਬੇਹੱਦ ਘਟੀਆਪੁਣੇ ਦੀ ਮਿਸਾਲ ਹੈ,ਜਿਸ ਦਾ ਭਾਵੇਂ ਜੈਲੰਸਕੀ ਨੇ ਤਾਂ ਜਵਾਬ ਦਿੱਤਾ ਹੈ ਪਰ ਸਾਡੀ ਸਰਕਾਰ ਤੇ ਆਗੂ ਉਸ ਖਿਲਾਫ ਇੱਕ ਸ਼ਬਦ ਵੀ ਨਹੀਂ ਬੋਲ ਪਾਏ ਹਨ ।

ਉਨ੍ਹਾਂ ਕਿਹਾ ਕਿ ਦੁਨੀਆ ਵਿਚ ਇਸ ਸਮੇਂ ਸੱਜੇ ਪੱਖੀ ਤਾਕਤਾਂ ਦਾ ਪਸਾਰ ਹੋ ਰਿਹਾ ਹੈ ,ਜੋ ਕਿ ਚਿੰਤਾਜਨਕ ਹੈ ਤੇ ਇਸ ਦਾ ਵਿਚਾਰਧਾਰਕ ਮੁਕਾਬਲਾ ਕਰਨ ਲਈ ਖੱਬੀਆਂ ਤਾਕਤਾਂ ਤੋਂ ਸਿਵਾਏ ਹੋਰ ਪਾਰਟੀਆਂ ਖੁੱਲ੍ਹ ਕੇ ਅੱਗੇ ਨਹੀਂ ਆ ਰਹੀਆਂ । ਉਨ੍ਹਾਂ ਕਿਹਾ ਮੌਜੂਦਾ ਕੇਂਦਰ ਸਰਕਾਰ ਲੋਕਾਂ ਦੇ ਬੁਨਿਆਦੀ ਮਸਲਿਆਂ ਦੀ ਬਜਾਇ ਇੱਕ ਧਰਮ ਦੀ ਸਿਆਸਤ ਨੂੰ ਹੀ ਤਰਜੀਹ ਦੇ ਰਹੀ ਹੈ,ਜਿਸ ਦੇ ਸਿੱਟੇ ਲੰਮੇ ਸਮੇਂ ਵਿੱਚ ਬੇਹੱਦ ਗੰਭੀਰ ਸਾਬਤ ਹੋਣਗੇ।


ਪੰਜਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਗੈਰ ਗੰਭੀਰਤਾ ਦਾ ਪ੍ਰਗਟਾਵਾ ਕਰ ਰਹੀ ਹੈ ਤੇ ਹੁਣ ਜਦੋਂ ਉਹ ਦਿੱਲੀ ਚੋਣਾਂ ਹਾਰ ਗਈ ਹੈ ਤਾਂ ਉਹ ਇਕਦਮ ਲੋਕਾਂ ਨੂੰ ਯਾਦ ਕਰਦਿਆਂ ਡਰਾਮਾ ਕਰਨ ਲੱਗੀ ਹੈ ।

ਉਨ੍ਹਾਂ ਕਿਹਾ ਕਿ ਇਹ ਸਰਕਾਰ ਮੁਫ਼ਤ ਬਿਜਲੀ ਨੂੰ ਛੱਡ ਕੇ ਹਰ ਫਰੰਟ ਉਤੇ ਫੇਲ੍ਹ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਦੇ ਮਾਮਲੇ ਵਿਚ ਤਹਿ ਤੱਕ ਜਾਵੇ ,ਨਾ ਕਿ ਬਿਨਾ ਕਿਸੇ ਠੋਸ ਆਧਾਰ ਤੋਂ ਤਸਕਰਾਂ ਦੇ ਘਰ ਢਾਹ ਕੇ ਇਸ ਮੁਹਿੰਮ ਨੂੰ ਹੀ ਠੁੱਸ ਕਰਵਾ ਦੇਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਤਾਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਸੌਦੇਬਾਜ਼ੀਆਂ ਕਰ ਰਹੇ ਹਨ । ਇਸ ਮੌਕੇ ਉਨ੍ਹਾਂ ਆਰਐਸਐਸ ਤੇ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੰਦਿਆਂ ਖੱਬੀ ਧਿਰ ਨੂੰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ। ਸਮਾਗਮ ਨੂੰ ਕਾਮਰੇਡ ਭੂਪ ਚੰਦ ਚੰਨੋ, ਸੀਪੀਆਈ ਆਗੂ ਜਸਪਾਲ ਸਿੰਘ ਦੱਪਰ ਤੇ ਗੁਰਚਰਨ ਸਿੰਘ ਤੋਂ ਇਲਾਵਾ ਜਥੇਦਾਰ ਅਮਰੀਕ ਸਿੰਘ ਮਲਕਪੁਰ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਸ਼ਿਆਮ ਲਾਲ ਹੈਬਤਪੁਰ ਨੇ ਨਿਭਾਈ।

ਇਸ ਮੌਕੇ ਜ਼ਿਲ੍ਹਾ ਮੋਹਾਲੀ ਦੇ ਸਕੱਤਰ ਕਾਮਰੇਡ ਚੰਦਰਪਾਲ ਲਾਲੜੂ, ਟਰੱਸਟ ਦੇ ਸੀਨੀਅਰ ਮੈਂਬਰ ਕਾਮਰੇਡ ਬਸੰਤ ਸਿੰਘ ਈਸਾਂਪੁਰ,ਡੇਰਾਬੱਸੀ ਦੇ ਤਹਿਸੀਲ ਸਕੱਤਰ ਕਾਮਰੇਡ ਫੂਲ ਚੰਦ , ਤਹਿਸੀਲ ਖਰੜ ਦੇ ਸਕੱਤਰ ਕਾਮਰੇਡ ਪਰਮਜੀਤ ਸਿੰਘ ਖਿਜਰਾਬਾਦ,ਹਾਕਮ ਸਿੰਘ ਦੱਪਰ, ਬੈਜਨਾਥ,ਅਜੈਬ ਸਿੰਘ,ਵੈਦ ਪ੍ਰਕਾਸ਼ ਕੌਸ਼ਿਕ,ਜਵਾਲਾ ਨੰਬਰਦਾਰ,ਇਕਬਾਲ ਸਿੰਘ, ਰਾਜੀਵ ਗਾਂਧੀ ਤੇ ਸੁਖਦੇਵ ਸਿੰਘ ਸਮੇਤ ਟਰੱਸਟ ਤੇ ਪਾਰਟੀ ਦੇ ਸਮੂਹ ਮੈਂਬਰ ਤੇ ਵੱਖ-ਵੱਖ ਯੂਨੀਅਨਾਂ ਦੇ ਅਹੁੱਦੇਦਾਰ ਤੇ ਆਮ ਲੋਕ ਹਾਜ਼ਰ ਰਹੇ।

By Gurpreet Singh

Leave a Reply

Your email address will not be published. Required fields are marked *