ਕਪੂਰਥਲਾ, 9 ਮਈ (ਗੁਰਪ੍ਰੀਤ ਸਿੰਘ): ਸਰਹੱਦੀ ਹਾਲਾਤਾਂ ਦੇ ਮੱਦੇਨਜ਼ਰ ਜਿਲ੍ਹਾ ਕਪੂਰਥਲਾ ਵਿੱਚ ਲੋਕਾਂ ਵਿਚ ਚਿੰਤਾ ਦਾ ਮਾਹੌਲ ਨਾਂ ਬਣੇ, ਇਸ ਲਈ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਅੱਜ ਜਨਤਾ ਨੂੰ ਭਰੋਸਾ ਦਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਪੈਟਰੋਲ, ਡੀਜ਼ਲ, ਗੈਸ, ਰਾਸ਼ਨ, ਸਬਜ਼ੀਆਂ, ਫਲ ਆਦਿ ਜ਼ਰੂਰੀ ਵਸਤਾਂ ਦੀ ਕੋਈ ਕਮੀ ਨਹੀਂ ਹੈ।
ਜ਼ਿਲ੍ਹਾ ਵਾਸੀਆਂ ਦੇ ਰੂਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬਾਰਡਰ ‘ਤੇ ਤਣਾਅ ਦੀ ਸਥਿਤੀ ਦੇ ਕਾਰਨ ਲੋਕਾਂ ਦੇ ਮਨ ਵਿਚ ਜ਼ਰੂਰੀ ਵਸਤਾਂ ਦੀ ਕਮੀ ਬਾਰੇ ਸ਼ੰਕਾ ਪੈਦਾ ਹੋ ਸਕਦੀ ਹੈ,ਜਿਸ ਕਰਕੇ ਕਾਲਾਬਜ਼ਾਰੀ ਤੇ ਜ਼ਮ੍ਹਾਂਖੋਰੀ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਸਭ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਸੈਂਸ਼ੀਅਲ ਕੋਮੋਡੀਟੀ ਐਕਟ 1955 ਅਤੇ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ 2023 ਦੀ ਧਾਰਾ 163 ਤਹਿਤ ਜ਼ਰੂਰੀ ਵਸਤਾਂ ਦੇ ਭੰਡਾਰਨ ਉੱਪਰ ਰੋਕ ਲਗਾਈ ਗਈ ਹੈ।
ਇਸ ਤੋਂ ਇਲਾਵਾ ਜ਼ਰੂਰੀ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੀ ਗਠਿਤ ਕੀਤੀ ਗਈ ਹੈ, ਜਿਸਦੀ ਅਗਵਾਈ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਅਤੇ ਜ਼ਿਲ੍ਹਾ ਮੰਡੀ ਅਫਸਰ ਕਰਨਗੇ।
ਜ਼ਰੂਰੀ ਵਸਤੂਆਂ ਸਬੰਧੀ ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਅਧਿਕਾਰੀਆਂ ਦੇ ਫੋਨ ਨੰਬਰ ਵੀ ਜਨਤਕ ਕੀਤੇ ਗਏ ਹਨ, ਜਿਨ੍ਹਾਂ ਉੱਪਰ ਲੋਕ ਲੋੜ ਅਨੁਸਾਰ ਸਿੱਧਾ ਸੰਪਰਕ ਕਰ ਸਕਦੇ ਹਨ।
ਇਨ੍ਹਾਂ ਵਿਚ ਪੈਟਰੋਲ-ਡੀਜ਼ਲ ਆਦਿ ਲਈ ਡੀ.ਐਫ.ਐਸ.ਸੀ. ਸ੍ਰੀਮਤੀ ਸੰਯੋਗਤਾ (84275-55440) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਪਸ਼ੂ ਧਨ ਨਾਲ ਸਬੰਧਿਤ ਸੇਵਾਵਾਂ ਲਈ ਡਾ.ਰਜਿੰਦਰਪਾਲ ਸਿੰਘ (77172-67008), ਸਬਜ਼ੀਆਂ-ਫਲਾਂ ਆਦਿ ਲਈ ਜ਼ਿਲ੍ਹਾ ਮੰਡੀ ਅਫਸਰ ਗਗਨਦੀਪ ਸਿੰਘ (94642-92474) ਅਤੇ ਪਸ਼ੂਆਂ ਦੀ ਫੀਡ ਆਦਿ ਲਈ ਡੀ.ਐਮ. ਮਾਰਕਫੈੱਡ ਗੁਰਪ੍ਰੀਤ ਸਿੰਘ (98784-28755) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਵਿਚ ਕੋਈ ਕਮੀ ਨਹੀਂ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਕਿਸਮ ਦੀ ਕਾਲਾਬਜ਼ਾਰੀ/ਜਮ੍ਹਾਂਖੋਰੀ ਨਾ ਕਰਨ ਅਤੇ ਪ੍ਰਸ਼ਾਸਨ ਦਾ ਸਾਥ ਦੇਣ।
ਉਨ੍ਹਾਂ ਇਹ ਵੀ ਕਿਹਾ ਕਿ ਲੋਕ ਕਿਸੇ ਕਿਸਮ ਦੀ ਅਫ਼ਵਾਹ ਉੱਪਰ ਯਕੀਨ ਨਾ ਕਰਨ ਅਤੇ ਕੇਵਲ ਪ੍ਰਸ਼ਾਸਨ ਵਲੋਂ ਜਾਰੀ ਅਧਿਕਾਰਤ ਸੂਚਨਾ ਉੱਪਰ ਹੀ ਯਕੀਨ ਕਰਨ।