ਪੰਜਾਬ ਦੀ ਸਿਆਸਤ ‘ਚ ਹੋਣਗੇ ਵੱਡੇ ਬਦਲਾਅ, ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ

ਜਲੰਧਰ –ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਦਾ ਨਤੀਜਾ 23 ਜੂਨ ਨੂੰ ਐਲਾਨਿਆ ਜਾਵੇਗਾ ਅਤੇ ਇਸ ਨਤੀਜੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਸੂਤਰਾਂ ਅਨੁਸਾਰ ਜ਼ਿਮਨੀ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਦੀ ਪੂਰੀ ਸੰਭਾਵਨਾ ਹੈ। ਇਸੇ ਵਿਚਕਾਰ ਜਲੰਧਰ ਵਰਗੇ ਮਹੱਤਵਪੂਰਨ ਸ਼ਹਿਰ ਵਿਚ ਵੀ ਸਿਆਸੀ ਸਮੀਕਰਨ ਬਦਲ ਸਕਦੇ ਹਨ। ਦਰਅਸਲ ਲੁਧਿਆਣਾ ਜ਼ਿਮਨੀ ਚੋਣ ਕਾਰਨ ਪੰਜਾਬ ਅਤੇ ਦਿੱਲੀ ਦੀ ‘ਆਪ’ ਯੂਨਿਟ ਪੂਰੀ ਤਰ੍ਹਾਂ ਰੁੱਝੀ ਰਹੀ, ਜਿਸ ਨਾਲ ਜਲੰਧਰ ਜਾਂ ਹੋਰ ਇਲਾਕਿਆਂ ਨਾਲ ਜੁੜਿਆ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ।

ਜਲੰਧਰ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਸਿਆਸੀ ਉਥਲ-ਪੁਥਲ ਜਾਰੀ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਲੰਧਰ ਦੀਆਂ 4 ਵਿਚੋਂ 2 ਸੀਟਾਂ ’ਤੇ ‘ਆਪ’ ਉਮੀਦਵਾਰ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਜਿੱਤੇ ਸਨ, ਹਾਲਾਂਕਿ ਸ਼ੀਤਲ ਅੰਗੁਰਾਲ ਪਹਿਲਾਂ ਹੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਦੂਜੇ ਪਾਸੇ ਵਿਧਾਇਕ ਰਮਨ ਅਰੋੜਾ ਹੁਣ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿਚ ਘਿਰੇ ਹੋਏ ਹਨ ਅਤੇ ਫਿਲਹਾਲ ਨਾਭਾ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਨਗਰ ਨਿਗਮ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨਾਲ ਜੋੜ ਕੇ ਵੇਖੀ ਜਾ ਰਹੀ ਹੈ। ਰਮਨ ਅਤੇ ਵਸ਼ਿਸ਼ਟ ’ਤੇ ਗੈਰ-ਕਾਨੂੰਨੀ ਇਮਾਰਤਾਂ ਅਤੇ ਕਾਲੋਨੀਆਂ ਨੂੰ ਲੈ ਕੇ ਸਿਆਸੀ ਸਰਪ੍ਰਸਤੀ ਵਿਚ ਵਸੂਲੀ ਦੇ ਦੇਸ਼ ਲੱਗੇ ਸਨ।

ਸੁਖਦੇਵ ਵਸ਼ਿਸ਼ਟ ਦੀ ਜਦੋਂ ਗ੍ਰਿਫ਼ਤਾਰੀ ਹੋਈ, ਉਸ ਸਮੇਂ ਉਹ ਵੈਸਟ ਹਲਕੇ ਦੇ ਏ. ਟੀ. ਪੀ. ਸਨ ਅਤੇ ਕੁਝ ਮਹੀਨੇ ਪਹਿਲਾਂ ਉਹ ਕੈਂਟ ਵਿਧਾਨ ਸਭਾ ਹਲਕੇ ਵਿਚ ਵੀ ਤਾਇਨਾਤ ਸਨ। ਕੈਂਟ ਦੇ ਕਈ ਕੌਂਸਲਰਾਂ ਨੇ ਮੇਅਰ ਵਨੀਤ ਧੀਰ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਦਿੱਤੀ ਸੀ ਕਿ ਸੀਲਿੰਗ ਦੀ ਆੜ ਵਿਚ ਵੱਡੀ ਖੇਡ ਚੱਲ ਰਹੀ ਹੈ। ਫਿਲਹਾਲ ਵਿਜੀਲੈਂਸ ਦੇ ਜਲੰਧਰ ਬਿਊਰੋ ਦੀ ਕਾਰਵਾਈ ਤੋਂ ਬਾਅਦ ਜਲੰਧਰ ਦੇ ਸੈਂਟਰਲ, ਕੈਂਟ, ਵੈਸਟ ਅਤੇ ਨਾਰਥ ਹਲਕਿਆਂ ਵਿਚ ਗੈਰ-ਕਾਨੂੰਨੀ ਇਮਾਰਤਾਂ ਨੂੰ ਲੈ ਕੇ ਉੱਠੇ ਦੋਸ਼ ਫਿਲਹਾਲ ਰੁਕ ਚੁੱਕੇ ਹਨ ਪਰ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਲੀਡਰਸ਼ਿਪ ਅਜੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ ਅਤੇ ਰਮਨ ਅਰੋੜਾ ਦੇ ਇਲਾਵਾ ਵੀ ਕਈ ‘ਆਪ’ ਆਗੂ ਹੁਣ ਪਾਰਟੀ ਦੇ ਨਿਸ਼ਾਨੇ ’ਤੇ ਹਨ।

ਕਿਸੇ ਨੂੰ ਮਿਲੇਗੀ ਪਾਵਰ, ਕੋਈ ਹੋਵੇਗਾ ਪਾਵਰਲੈੱਸ
ਸੂਤਰਾਂ ਮੁਤਾਬਕ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਜਲੰਧਰ ਦੇ ਕੁਝ ‘ਆਪ’ ਆਗੂਆਂ ਦੀ ਤਾਕਤ ਖੋਹ ਕੇ ਉਨ੍ਹਾਂ ਨੂੰ ਪਾਵਰਲੈੱਸ ਬਣਾਇਆ ਜਾ ਸਕਦਾ ਹੈ। ਉਥੇ ਹੀ, ਕੁਝ ਨਵੇਂ ਚਿਹਰਿਆਂ ਨੂੰ ਮਜ਼ਬੂਤ ਭੂਮਿਕਾ ਦਿੱਤੀ ਜਾ ਸਕਦੀ ਹੈ। ਇਸ ਸਬੰਧ ਵਿਚ ਸੀਨੀਅਰ ‘ਆਪ’ ਆਗੂ ਮਨੀਸ਼ ਸਿਸੋਦੀਆ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ 23 ਜੂਨ ਨੂੰ ਐਲਾਨੇ ਜਾਣ ਵਾਲੇ ਲੁਧਿਆਣਾ ਦੀ ਜ਼ਿਮਨੀ ਚੋਣ ਦੇ ਨਤੀਜੇ ’ਤੇ ਟਿਕੀਆਂ ਹਨ। ਇਸ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਪੰਜਾਬ ਅਤੇ ਵਿਸ਼ੇਸ਼ ਰੂਪ ਨਾਲ ਜਲੰਧਰ ਦੀ ਸਿਆਸਤ ਵਿਚ ਕੌਣ ਚੜ੍ਹੇਗਾ ਉਚਾਈ ਵੱਲ ਅਤੇ ਕਿਸ ਦਾ ਸਿਆਸੀ ਗ੍ਰਾਫ਼ ਆਵੇਗਾ ਹੇਠਾਂ।

By Gurpreet Singh

Leave a Reply

Your email address will not be published. Required fields are marked *