ਪੰਜਾਬ ‘ਚ ਇਸ ਤਾਰੀਖ਼ ਤੱਕ ਨਹੀਂ ਹੋਣਗੀਆਂ ਰਜਿਸਟਰੀਆਂ, ਤਹਿਸੀਲ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਲੁਧਿਆਣਾ : ਪੰਜਾਬ ‘ਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਸੂਬੇ ‘ਚ ਪੰਜਾਬ ਰੈਵੇਨਿਊ ਅਫ਼ਸਰ ਯੂਨੀਅਨ ਅਤੇ ਡੀ. ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਨੇ 7 ਮਾਰਚ ਮਤਲਬ ਕਿ ਸ਼ੁੱਕਰਵਾਰ ਤੱਕ ਰਜਿਸਟ੍ਰੇਸ਼ਨ ਦਾ ਕੰਮ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਬਾਕੀ ਕੰਮ ਪਹਿਲਾਂ ਵਾਂਗ ਹੀ ਕੀਤਾ ਜਾਵੇਗਾ। ਇਸ ਸਬੰਧੀ ਲੁਧਿਆਣਾ ’ਚ ਯੂਨੀਅਨ ਦੀ ਹੋਈ ਹੰਗਾਮੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰੈਵੇਨਿਊ ਯੂਨੀਅਨ ਦੇ ਪ੍ਰਧਾਨ ਲਛਮਣ ਸਿੰਘ ਰੰਘਾਵਾ ਅਤੇ ਮੁਲਾਜ਼ਮ ਯੂਨੀਅਨ ਦੇ ਤਜਿੰਦਰ ਸਿੰਘ ਨੇ ਕਿਹਾ ਕਿ ਵਿਜੀਲੈਂਸ ਵਲੋਂ ਤਹਿਸੀਲਦਾਰ ਅਤੇ ਆਰ. ਸੀ. ’ਤੇ ਜੋ ਕੇਸ ਦਰਜ ਕੀਤਾ ਗਿਆ ਹੈ, ਉਹ ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਗਲਤ ਸ਼ਖਸ ਵਲੋਂ ਫਰਜ਼ੀ ਆਧਾਰ ਕਾਰਡ ਅਤੇ ਹੋਰ ਪਛਾਣ-ਪੱਤਰਾਂ ਦੀ ਮਦਦ ਨਾਲ ਰਜਿਸਟਰ ਕਰਵਾਈ ਰਜਿਸਟਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਖ਼ੁਦ ਤਹਿਸੀਲਦਾਰ ਨੇ ਇਸ ਦੀ ਸ਼ਿਕਾਇਤ ਡੀ. ਸੀ. ਅਤੇ ਪੁਲਸ ਨੂੰ ਕੀਤੀ ਸੀ।

ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਲਈ ਰਜਿਸਟਰਡ ਹੋਣ ਲਈ ਆਏ ਦਸਤਾਵੇਜ਼ਾਂ ’ਚ ਲੱਗੇ ਪਛਾਣ-ਪੱਤਰਾਂ ਦੀ ਜਾਂਚ ਕਰਨਾ ਮੁਮਕਿਨ ਨਹੀਂ ਹੈ ਅਤੇ ਜੇਕਰ ਇੰਨੀ ਬਾਰੀਕੀ ਨਾਲ ਕੋਈ ਅਧਿਕਾਰੀ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰੇਗਾ ਤਾਂ ਉਹ ਦਿਨ ਭਰ ’ਚ ਸਿਰਫ 5 ਵਸੀਕੇ ਹੀ ਰਜਿਸਟਰਡ ਕਰ ਸਕਦਾ ਹੈ ਨਾ ਕਿ 200 ਤੋਂ 250, ਵਿਜੀਲੈਂਸ ਵਲੋਂ ਬਿਨਾਂ ਤੱਥਾਂ ਦੇ ਰੈਵੇਨਿਊ ਅਫ਼ਸਰ ਖ਼ਿਲਾਫ਼ ਦਰਜ ਕੀਤੇ ਜਾਣ ਵਾਲੇ ਮਾਮਲਿਆਂ ’ਚ ਫਾਇਦਾ ਉਸ ਮਾਫ਼ੀਆ ਨੂੰ ਮਿਲ ਜਾਂਦਾ ਹੈ, ਜੋ ਅਸਲ ਵਿਚ ਇਸ ਦੇ ਲਈ ਜ਼ਿੰਮੇਵਾਰ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਗਲੀ ਰਣਨੀਤੀ ਬਣਾਉਣਗੇ। ਉਦੋਂ ਤੱਕ ਉਨ੍ਹਾਂ ਨੇ ਪੰਜਾਬ ’ਚ ਰਜਿਸਟ੍ਰੇਸ਼ਨ ਦਾ ਕੰਮ ਸ਼ੁੱਕਰਵਾਰ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਰੈਵੇਨਿਊ ਵਿਭਾਗ ਨਾਲ ਸਬੰਧਿਤ ਬਾਕੀ ਕੰਮ ਇਸ ਦੌਰਾਨ ਪਹਿਲਾਂ ਵਾਂਗ ਜਾਰੀ ਰਹੇਗਾ।

By Gurpreet Singh

Leave a Reply

Your email address will not be published. Required fields are marked *