ਕਪੂਰਥਲਾ/ਫਗਵਾੜਾ – ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ 8 ਮਈ 2025 ਨੂੰ ਇਹਤਿਆਤ ਵਜੋਂ ਸਿਰਫ਼ ਕਪੂਰਥਲਾ ਅਤੇ ਫਗਵਾੜਾ ਵਿਖੇ ਰਾਤ 9:30 ਤੋਂ 10 ਵਜੇ ਤੱਕ ਬਲੈਕਆਊਟ ਹੋਵੇਗਾ।
ਬਲੈਕ ਆਊਟ ਸਿਰਫ਼ ਕਪੂਰਥਲਾ ਅਤੇ ਫਗਵਾੜਾ ਸ਼ਹਿਰ ਵਿਚ ਹੀ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇਹਤਿਆਤੀ ਕਦਮ ਹੈ ਅਤੇ ਲੋਕਾਂ ਨੂੰ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਇਹਤਿਆਤ ਦੇ ਤੌਰ ‘ਤੇ ਮੌਕ ਡ੍ਰਿਲ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਬੀਤੇ ਕੱਲ੍ਹ ਸੈਨਿਕ ਸਕੂਲ ਅਤੇ ਕੇਂਦਰੀ ਜੇਲ੍ਹ ਵਿਚ ਬਲੈਕਆਊਟ ਅਭਿਆਸ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ 9:30 ਵਜੇ ਸਾਇਰਨ ਵੱਜਣ ‘ਤੇ ਸਿਰਫ਼ ਕਪੂਰਥਲਾ ਅਤੇ ਫਗਵਾੜਾ ਸ਼ਹਿਰ ਵਿਚ ਬਲੈਕ ਆਊਟ ਹੋ ਜਾਵੇਗਾ। ਸ਼ਹਿਰ ਦੀ ਜਨਤਾ ਨੂੰ ਇਹ ਵੀ ਅਪੀਲ ਹੈ ਕਿ ਉਹ ਇਸ ਦੌਰਾਨ ਘਰਾਂ ਵਿਚ ਲਾਈਟਾਂ, ਇੰਨਵਰਟਰ ਬੰਦ ਰੱਖਣ। ਇਸ ਦੌਰਾਨ ਜੇਕਰ ਸ਼ਹਿਰ ਵਿਚ ਸੜਕ ‘ਤੇ ਕੋਈ ਗੱਡੀ ਜਾ ਰਹੀ ਹੈ ਤਾਂ ਉਹ ਉਸਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਤੋਂ ਹੇਠਾਂ ਲਾਹ ਕੇ ਕੱਚੇ ਸਥਾਨ ‘ਤੇ ਰੋਕ ਲਵੇ। ਇਸੇ ਸਬੰਧ ਵਿਚ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿੰਨੇ ਵੀ ਹਸਪਤਾਲ ਦੇ ਅਦਾਰੇ ਨੇ ਉਹ ਇਸ ਬਲੈਕ ਆਊਟ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਲਈ ਮੌਜੂਦ ਹੈ। ਬਲੈਕ ਆਊਟ ਅਭਿਆਸ ਕੇਵਲ ਇਹਤਿਆਤੀ ਕਦਮ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।