ਸੰਘਣੀ ਧੁੰਦ ਬਣੀ ਮੌਤ ਦੀ ਵਜ੍ਹਾ, ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਨੌਜਵਾਨ ਦੀ ਮੌਤ

ਬਰਨਾਲਾ- ਸੜਕਾਂ ‘ਤੇ ਸੰਘਣੀ ਧੁੰਦ ਕਾਰਨ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਬਰਨਾਲਾ–ਬਾਜਾਖਾਨਾ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਅੱਗੇ ਜਾ ਰਹੀ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ‘ਤੇ ਸਵਾਰ ਦੋਵੇਂ ਨੌਜਵਾਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਮੋਟਰਸਾਈਕਲ ਚਲਾ ਰਹੇ 31 ਸਾਲਾ ਪਰਵਾਸੀ ਮਜ਼ਦੂਰ ਕਪਿਲ ਯਾਦਵ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਦੀ ਪੈਰ ਟੁੱਟ ਗਿਆ ਹੈ ਅਤੇ ਉਸਦਾ ਇਲਾਜ ਜਾਰੀ ਹੈ।

ਮ੍ਰਿਤਕ ਕਪਿਲ ਯਾਦਵ ਦੇ ਭਤੀਜੇ ਸੌਰਵ ਯਾਦਵ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰੀ। ਇਸ ਹਾਦਸੇ ਵਿੱਚ ਕਪਿਲ ਯਾਦਵ, ਪੁੱਤਰ ਦੇਵ ਨਾਰਾਇਣ ਯਾਦਵ, ਵਾਸੀ ਕੋਸਕਾਪੁਰ, ਜ਼ਿਲ੍ਹਾ ਅਰਰੀਆ (ਬਿਹਾਰ) ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਕਪਿਲ ਯਾਦਵ ਪਿਛਲੇ ਕਈ ਸਾਲਾਂ ਤੋਂ ਬਿਹਾਰ ਤੋਂ ਪੰਜਾਬ ਆ ਕੇ ਮਿਹਨਤ-ਮਜ਼ਦੂਰੀ ਕਰਦਾ ਸੀ ਅਤੇ ਆਪਣੇ ਤਿੰਨ  ਬੱਚਿਆਂ ਤੇ ਮਾਪਿਆਂ ਦੀ ਪਰਵਰਿਸ਼ ਕਰ ਰਿਹਾ ਸੀ। ਹਾਦਸੇ ਨੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਾ ਦਿੱਤਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, 3 ਅਤੇ 6 ਸਾਲ ਦੇ ਦੋ ਪੁੱਤਰ, 8 ਸਾਲ ਦੀ ਧੀ ਅਤੇ ਰੋਂਦੇ-ਵਿਲਕਦੇ ਮਾਪਿਆਂ ਨੂੰ ਛੱਡ ਗਿਆ ਹੈ। ਪਰਿਵਾਰ ਅਤੇ ਸਥਾਨਕ ਲੋਕਾਂ ਨੇ ਦੋਸ਼ੀ ਬੱਸ ਡਰਾਈਵਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।

ਉੱਧਰ, ਬਰਨਾਲਾ ਪੁਲਿਸ ਚੌਕੀ ਇੰਚਾਰਜ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੀ ਤਹਿਰੀਰ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸਦੀ ਤਲਾਸ਼ ਜਾਰੀ ਹੈ।

By Gurpreet Singh

Leave a Reply

Your email address will not be published. Required fields are marked *