ਨੈਸ਼ਨਲ ਟਾਈਮਜ਼ ਬਿਊਰੋ :- ਬਾਲੀਵੁੱਡ ਤੋਂ ਬਾਅਦ ਹੁਣ ਸਾਊਥ ਸਿਨੇਮਾ ‘ਚ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਚੁੱਕੀ ਪੰਜਾਬ ਮੂਲ ਅਦਾਕਾਰਾ ਰੋਸ਼ਨੀ ਸਹੋਤਾ, ਜਿੰਨ੍ਹਾਂ ਨੂੰ ਸਾਹਮਣੇ ਆਉਣ ਜਾ ਰਹੀ ਤੇਲਗੂ ਫਿਲਮ ‘ਬੈਡ ਗਰਲਜ਼’ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਜਲਦ ਵਰਲਡ-ਵਾਈਡ ਪ੍ਰਦਸ਼ਿਤ ਹੋਵੇਗੀ।
ਨਿਰਮਾਤਾ ਸਸ਼ੀਧਰ ਨਾਲਾ, ਇਮਾਦੀ ਸੋਮਾ ਨਾਰਾ ਸਈਆ, ਰਾਮਿਸੇਟੀ ਰਾਮਬਾਬੂ ਅਤੇ ਰਵਲਾ ਰਮੇਸ਼ ਦੁਆਰਾ ਨਿਰਮਿਤ ਕੀਤੀ ਗਈ ਉਕਤ ਫਿਲਮ ਦਾ ਨਿਰਦੇਸ਼ਨ ਮੁੰਨਾ ਦੁਲੀਪੁੜੀ ਦੁਆਰਾ ਕੀਤਾ ਗਿਆ, ਜੋ ਦੱਖਣ ਭਾਰਤੀ ਸਿਨੇਮਾ ਦੇ ਵੱਡੇ ਅਤੇ ਸਫ਼ਲ ਨਾਂਅ ਵਜੋਂ ਜਾਣੇ ਜਾਂਦੇ ਹਨ।
ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਈ ਹਿੰਦੀ ਵੈੱਬ ਸੀਰੀਜ਼ ‘ਬਦਲੇ ਕਾ ਖੇਲ’ ਨਾਲ ਬਤੌਰ ਨਿਰਮਾਤਾ ਵੀ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਇਹ ਪ੍ਰਤਿਭਾਵਾਨ ਅਦਾਕਾਰਾ, ਜੋ ਸਾਊਥ ਫਿਲਮੀ ਸਫਾਂ ਵਿੱਚ ਅਪਣਾ ਅਧਾਰ ਦਾਇਰਾ ਲਗਾਤਾਰ ਵਿਸ਼ਾਲ ਕਰਦੀ ਜਾ ਰਹੀ ਹੈ, ਜਿੰਨ੍ਹਾਂ ਦੁਆਰਾ ਹਾਲੀਆਂ ਤੇਲਗੂ ਫਿਲਮ ‘ਓ ਕਾਲਾ’ ਵਿੱਚ ਨਿਭਾਈ ਲੀਡਿੰਗ ਭੂਮਿਕਾ ਨੂੰ ਪੈਨ ਇੰਡੀਆ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਮੂਲ ਰੂਪ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਨਾਲ ਸੰਬੰਧਤ ਹੈ ਇਹ ਬਾਕਮਾਲ ਅਦਾਕਾਰਾ, ਜਿੰਨ੍ਹਾਂ ਅਪਣੇ ਅਦਾਕਾਰੀ ਕਰੀਅਰ ਦਾ ਅਗਾਜ਼ ਟੈਲੀਵਿਜ਼ਨ ਦੀ ਦੁਨੀਆਂ ਤੋਂ ਕੀਤਾ ਅਤੇ ਕਲਰਜ਼ ਦੇ ‘ਸ਼ਕਤੀ-ਅਸਤਿਤਵ ਕੇ ਅਹਿਸਾਸ’ ਕੀ ਸਮੇਤ ‘ਬਿੰਦੀਆ ਸਰਕਾਰ’ ਅਤੇ ‘ਨਾਦਾਨ ਪਰਿੰਦੇ’ ਜਿਹੇ ਕਈ ਪਾਪੂਲਰ ਸ਼ੋਅਜ਼ ‘ਚ ਅਪਣੀ ਕਲਾ ਦਾ ਲੋਹਾ ਮੰਨਵਾਇਆ ਹੈ।
ਮੁੰਬਈ ਨਗਰੀ ਵਿੱਚ ਚਰਚਿਤ ਚਿਹਰਾ ਬਣ ਚੁੱਕੀ ਇਹ ਖੂਬਸੂਰਤ ਅਦਾਕਾਰਾ ਕਈ ਪੰਜਾਬੀ ਫਿਲਮਾਂ ਦਾ ਵੀ ਬਤੌਰ ਲੀਡਿੰਗ ਅਦਾਕਾਰਾ ਹਿੱਸਾ ਰਹੀ ਹੈ, ਜਿੰਨ੍ਹਾਂ ਵਿੱਚ ਤੇਜੀ ਸੰਧੂ ਦੁਆਰਾ ਨਿਰਦੇਸ਼ਿਤ ਕੀਤੀ ‘ਦਿ ਗ੍ਰੇਟ ਸਰਦਾਰ’ ਤੋਂ ਇਲਾਵਾ ‘ਕੁਕਨੂਸ’ ਆਦਿ ਸ਼ਾਮਿਲ ਰਹੀਆਂ ਹਨ।
ਓਧਰ ਅਪਣੇ ਉਕਤ ਤੇਲਗੂ ਫਿਲਮ ਨੂੰ ਲੈ ਕੇ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਅਦਾਕਾਰਾ ਰੋਸ਼ਨੀ ਸਹੋਤਾ ਨੇ ਦੱਸਿਆ ਕਿ ਇਹ ਮੇਰੀ ਤੀਸਰੀ ਤੇਲਗੂ ਫਿਲਮ ਹੈ, ਜੋ ਅਜਿਹੀਆਂ ਕੁੜੀਆਂ ਬਾਰੇ ਕੇਂਦਰਿਤ ਹੈ, ਜਿੰਨ੍ਹਾਂ ਨੂੰ ਸਮਾਜ ਦੀਆਂ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਸ ਸਭ ਚੁਣੌਤੀਪੂਰਨ ਹਾਲਾਤਾਂ ਤੋਂ ਅਪਣੇ ਜੁਝਾਰੂਪਨ ਦੇ ਚੱਲਦਿਆਂ ਉਭਰਣ ‘ਚ ਸਫ਼ਲ ਹੋ ਜਾਂਦੀਆਂ ਹਨ ਅਤੇ ਇੱਕ ਆਈਡਅਲ ਬਣ ਸਾਹਮਣੇ ਆਉਂਦੀਆਂ ਹਨ।