ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਵਿੱਚ ਵਧਦੀ ਮਹਿੰਗਾਈ ਅਤੇ ਕਿਰਾਏ ਨੂੰ ਲੈ ਕੇ ਆਟੋ ਅਤੇ ਈ-ਰਿਕਸ਼ਾ ਚਾਲਕਾਂ ਦਾ ਰੋਸ ਹੁਣ ਸੜਕਾਂ ‘ਤੇ ਨਜ਼ਰ ਆਉਣ ਲੱਗਾ ਹੈ। ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਵੱਲੋਂ ਇੰਡੀਆ ਗੇਟ ਤੋਂ ਵਿਸ਼ਾਲ ਰੋਸ ਮਾਰਚ ਅਤੇ ਜਾਗਰੂਕਤਾ ਰੋਡ ਸ਼ੋਅ ਕੱਢਿਆ ਗਿਆ, ਜਿਸ ਦੌਰਾਨ ਯੂਨੀਅਨ ਨੇ ਅੱਜ ਸਵੇਰੇ ਤੋਂ ਅੰਮ੍ਰਿਤਸਰ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਟੋ ਅਤੇ ਈ-ਰਿਕਸ਼ਾ ਚਾਲਕਾਂ ਦੀ ਮੁਕੰਮਲ ਹੜਤਾਲ ਦਾ ਐਲਾਨ ਕਰ ਦਿੱਤਾ। ਇਸ ਫ਼ੈਸਲੇ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰੋਸ ਮਾਰਚ ਦੌਰਾਨ ਪੰਜਾਬ ਰਾਜ ਜੱਥੇਬੰਦੀ ਦੇ ਪ੍ਰਧਾਨ ਤੀਰਥ ਸਿੰਘ ਕੁਹਾਲੀ ਨੇ ਕਿਹਾ ਕਿ ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ₹10 ਦੇ ਕਿਰਾਏ ਵਿੱਚ ਗੁਜ਼ਾਰਾ ਕਰਨਾ ਹੁਣ ਸੰਭਵ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਘੱਟੋ-ਘੱਟ ਕਿਰਾਇਆ ₹20 ਨਿਰਧਾਰਿਤ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਆਟੋ ਅਤੇ ਈ-ਰਿਕਸ਼ਾ ਚਾਲਕਾਂ ਨੂੰ ਆਪਣਾ ਪਰਿਵਾਰ ਚਲਾਉਣ ਵਿੱਚ ਕੁਝ ਰਾਹਤ ਮਿਲ ਸਕੇ।
ਯੂਨੀਅਨ ਆਗੂਆਂ ਨੇ ਸਵਾਰੀਆਂ ਨੂੰ ਅਪੀਲ ਕੀਤੀ ਕਿ ਉਹ ਚਾਲਕਾਂ ਨੂੰ ₹20 ਤੋਂ ਘੱਟ ਕਿਰਾਇਆ ਲੈਣ ਲਈ ਮਜਬੂਰ ਨਾ ਕਰਨ। ਇਸ ਦੇ ਨਾਲ ਹੀ ਸਾਰੇ ਆਟੋ ਅਤੇ ਈ-ਰਿਕਸ਼ਾ ਚਾਲਕਾਂ ਨੂੰ ਵੀ ਸਪੱਸ਼ਟ ਹਦਾਇਤ ਦਿੱਤੀ ਗਈ ਹੈ ਕਿ ਉਹ ₹20 ਤੋਂ ਘੱਟ ਕਿਰਾਇਆ ਨਾ ਲੈਣ।
ਇਸ ਦੌਰਾਨ ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਹੜਤਾਲ ਦੌਰਾਨ ਅਟਾਰੀ ਰੋਡ, ਅਜਨਾਲਾ ਰੋਡ, ਮਜੀਠਾ ਰੋਡ ਅਤੇ ਚੱਬਾਲ ਰੋਡ ਸਮੇਤ ਕਈ ਮੁੱਖ ਰੂਟਾਂ ‘ਤੇ ਆਟੋ ਅਤੇ ਈ-ਰਿਕਸ਼ਾ ਸੇਵਾ ਪੂਰੀ ਤਰ੍ਹਾਂ ਬੰਦ ਰਹੇਗੀ। ਯੂਨੀਅਨ ਨੇ ਇਹ ਵੀ ਕਿਹਾ ਕਿ ਜੇ ਕੋਈ ਚਾਲਕ ਸੰਗਠਨ ਦੇ ਫ਼ੈਸਲੇ ਦੇ ਉਲਟ ਆਪਣਾ ਵਾਹਨ ਚਲਾਉਂਦਾ ਹੈ ਅਤੇ ਉਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਖੁਦ ਉਸ ਦੀ ਹੋਵੇਗੀ।
ਰੋਸ ਮਾਰਚ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ ਛੇਹਰਟਾ ਚੌਂਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੁਤਲੀਘਰ ਚੌਂਕ, ਵਾਲਮੀਕਿ ਚੌਂਕ, ਰੇਲਵੇ ਸਟੇਸ਼ਨ, ਅਸ਼ੋਕਾ ਚੌਂਕ, ਭੰਡਾਰੀ ਪੁਲ, ਘਾਹ ਮੰਡੀ ਚੌਂਕ, ਹੁਸੈਨਪੁਰਾ ਚੌਂਕ, ਬੱਸ ਸਟੈਂਡ ਅਤੇ ਤੰਦੂਰਾਂ ਵਾਲਾ ਚੌਂਕ ਤੋਂ ਹੁੰਦਾ ਹੋਇਆ ਜਹਾਜ਼ਗੜ੍ਹ ਸਥਿਤ ਪੰਜ ਪੀਰ ਪਾਰਕਿੰਗ ਨੇੜੇ ਸਮਾਪਤ ਹੋਇਆ। ਰੈਲੀ ਦੌਰਾਨ ਯੂਨੀਅਨ ਆਗੂਆਂ ਨੇ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਵੀ ਕੀਤੀ।

ਯੂਨੀਅਨ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾ ਸਕਦਾ ਹੈ।
ਅੰਤ ਵਿੱਚ ਯੂਨੀਅਨ ਆਗੂਆਂ ਨੇ ਮੰਨਿਆ ਕਿ ਇੱਕ ਦਿਨ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਅਸੁਵਿਧਾ ਹੋ ਸਕਦੀ ਹੈ। ਇਸ ਲਈ ਉਨ੍ਹਾਂ ਜਨਤਾ ਤੋਂ ਮਾਫ਼ੀ ਮੰਗਦਿਆਂ ਸਹਿਯੋਗ ਦੀ ਅਪੀਲ ਕੀਤੀ ਅਤੇ ਕਿਹਾ ਕਿ ਗਰੀਬ ਆਟੋ ਅਤੇ ਈ-ਰਿਕਸ਼ਾ ਚਾਲਕਾਂ ਦੀ ਰੋਜ਼ੀ-ਰੋਟੀ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਉਨ੍ਹਾਂ ਦੇ ਸੰਘਰਸ਼ ਦਾ ਸਾਥ ਦੇਣ।
