ਪਾਕਿਸਤਾਨ ਹਮਲੇ ‘ਚ ਤਿੰਨ ਅਫਗਾਨ ਕ੍ਰਿਕਟਰਾਂ ਦੀ ਮੌਤ, ਅਫਗਾਨਿਸਤਾਨ ਨੇ ਤਿਕੋਣੀ ਲੜੀ ਤੋਂ ਨਾਮ ਲਿਆ ਵਾਪਿਸ਼

ਨਵੀਂ ਦਿੱਲੀ : ਅਫਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਇੱਕ ਪਾਕਿਸਤਾਨੀ ਹਮਲੇ ਵਿੱਚ ਤਿੰਨ ਅਫਗਾਨ ਕ੍ਰਿਕਟਰਾਂ ਦੀ ਮੌਤ ਹੋ ਗਈ ਹੈ। ਪੂਰਾ ਕ੍ਰਿਕਟ ਜਗਤ ਇਸ ਘਟਨਾ ‘ਤੇ ਸੋਗ ਮਨਾ ਰਿਹਾ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਆਉਣ ਵਾਲੀ ਪਾਕਿਸਤਾਨ-ਸ਼੍ਰੀਲੰਕਾ-ਅਫਗਾਨਿਸਤਾਨ ਤਿਕੋਣੀ ਲੜੀ ਤੋਂ ਹਟ ਗਿਆ ਹੈ।

ਏ.ਸੀ.ਬੀ. ਨੇ ਤਿੰਨ ਮ੍ਰਿਤਕ ਕ੍ਰਿਕਟਰਾਂ ਦੇ ਨਾਮ ਜਾਰੀ ਕੀਤੇ ਹਨ, ਇਸ ਹਮਲੇ ਨੂੰ “ਖੇਡ ਅਤੇ ਮਨੁੱਖਤਾ ‘ਤੇ ਸਿੱਧਾ ਹਮਲਾ” ਦੱਸਿਆ ਹੈ। ਘਟਨਾ ਸਮੇਂ ਤਿੰਨੋਂ ਖਿਡਾਰੀ ਪਕਤਿਕਾ ਵਿੱਚ ਸਨ, ਜਿੱਥੇ ਪਾਕਿਸਤਾਨੀ ਫੌਜ ਨੇ ਹਮਲਾ ਕੀਤਾ ਸੀ।

ਅਫਗਾਨਿਸਤਾਨ ਦੇ ਆਲਰਾਊਂਡਰ ਗੁਲਬਦੀਨ ਨਾਇਬ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, “ਅਸੀਂ ਪਕਤਿਕਾ ਸੂਬੇ ਦੇ ਉਰੂਜ਼ਗਾਨ ਵਿੱਚ ਹੋਏ ਕਾਇਰਾਨਾ ਹਮਲੇ ਤੋਂ ਬਹੁਤ ਦੁਖੀ ਹਾਂ, ਜਿਸ ਵਿੱਚ ਸਾਡੇ ਸਾਥੀ ਕ੍ਰਿਕਟਰਾਂ ਅਤੇ ਨਾਗਰਿਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪਾਕਿਸਤਾਨੀ ਫੌਜ ਦਾ ਇਹ ਬੇਰਹਿਮ ਹਮਲਾ ਸਾਡੀ ਆਜ਼ਾਦੀ ‘ਤੇ ਹਮਲਾ ਹੈ, ਪਰ ਇਹ ਸਾਡੀ ਅਫਗਾਨ ਭਾਵਨਾ ਨੂੰ ਤੋੜ ਨਹੀਂ ਸਕਦਾ।”

ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਨੇ ਕਿਹਾ, “ਸਾਡੇ ਮਾਸੂਮ ਲੋਕਾਂ ਅਤੇ ਘਰੇਲੂ ਕ੍ਰਿਕਟਰਾਂ ਦਾ ਜ਼ਾਲਮਾਂ ਵੱਲੋਂ ਕੀਤਾ ਗਿਆ ਕਤਲੇਆਮ ਇੱਕ ਘਿਨਾਉਣਾ ਅਪਰਾਧ ਹੈ। ਅੱਲ੍ਹਾ ਸ਼ਹੀਦਾਂ ਨੂੰ ਜੰਨਤ ਵਿੱਚ ਉੱਚਾ ਦਰਜਾ ਦੇਵੇ ਅਤੇ ਦੋਸ਼ੀਆਂ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਮਿਲੇ।”

ਸੀਨੀਅਰ ਕ੍ਰਿਕਟਰ ਮੁਹੰਮਦ ਨਬੀ ਨੇ ਫੇਸਬੁੱਕ ‘ਤੇ ਲਿਖਿਆ, “ਇੱਕ ਦੋਸਤਾਨਾ ਮੈਚ ਤੋਂ ਬਾਅਦ ਪਕਤਿਕਾ ਵਿੱਚ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ ਮਾਰੇ ਗਏ ਖਿਡਾਰੀਆਂ ਦੀ ਖ਼ਬਰ ਦਿਲ ਤੋੜਨ ਵਾਲੀ ਹੈ। ਇਹ ਪੂਰੇ ਅਫਗਾਨ ਕ੍ਰਿਕਟ ਪਰਿਵਾਰ ਲਈ ਡੂੰਘਾ ਦੁੱਖ ਹੈ। ਮੇਰੀਆਂ ਸੰਵੇਦਨਾਵਾਂ ਸ਼ਹੀਦ ਖਿਡਾਰੀਆਂ ਦੇ ਪਰਿਵਾਰਾਂ ਨਾਲ ਹਨ।”

ਅਫਗਾਨਿਸਤਾਨ ਹਮਲੇ ‘ਤੇ ਗੁੱਸੇ ਅਤੇ ਸੋਗ ਨਾਲ ਭਰਿਆ ਹੋਇਆ ਹੈ। ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਟੀਮ ਹਮਲੇ ਦੀ ਅੰਤਰਰਾਸ਼ਟਰੀ ਜਾਂਚ ਹੋਣ ਤੱਕ ਪਾਕਿਸਤਾਨ ਵਿੱਚ ਕੋਈ ਵੀ ਲੜੀ ਨਹੀਂ ਖੇਡੇਗੀ।

By Rajeev Sharma

Leave a Reply

Your email address will not be published. Required fields are marked *