ਕਾਰ ਸਵਾਰੀ ਦੀ ਲੁੱਟ ਮਾਮਲੇ ‘ਚ ਤਿੰਨ ਕਾਬੂ, ਐਨਕਾਊਂਟਰ ‘ਚ ਇਕ ਜਖ਼ਮੀ, ਰਿਵਾਲਵਰ ਅਤੇ ਖੋਹੀ ਗਈ ਕਾਰ ਬਰਾਮਦ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵੀਨਿਊ ਖੇਤਰ ‘ਚ 7 ਮਈ ਦੀ ਰਾਤ ਇੱਕ ਕਾਰ ਸਵਾਰ ਨੂੰ ਪਿਸਟਲ ਦੀ ਨੋਕ ‘ਤੇ ਲੁੱਟਣ ਵਾਲੇ ਤਿੰਨ ਦੋਸ਼ੀਆਂ ਨੂੰ ਅੰਮ੍ਰਿਤਸਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦੌਰਾਨ ਇੱਕ ਦੋਸ਼ੀ ਕੰਵਲਪ੍ਰੀਤ ਸਿੰਘ ਪੁਲਿਸ ਮੁਕਾਬਲੇ ਵਿੱਚ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ।

ਪੁਲਸ ਮੁਤਾਬਕ, 7 ਮਈ ਨੂੰ ਕਰੀਬ 9:30 ਵਜੇ ਰਾਤ ਆਦੇਸ਼ ਕਪੂਰ ਨਿਵਾਸੀ ਰਣਜੀਤ ਐਵੀਨਿਊ, ਅੰਮ੍ਰਿਤਸਰ ਦੀ ਕੀਆ ਸੋਨੇਟ ਕਾਰ (ਨੰਬਰ PB-02-EV-2500) ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਟਲ ਦੀ ਨੋਕ ‘ਤੇ ਖੋਹ ਲਈ ਗਈ ਸੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਦੋਸ਼ੀ ਲੁੱਟੀ ਹੋਈ ਕਾਰ ‘ਤੇ ਨੰਬਰ ਪਲੇਟਾਂ ਤੋਂ ਬਿਨਾਂ ਰਣਜੀਤ ਐਵੀਨਿਊ ਵੱਲ ਵਧ ਰਹੇ ਹਨ।

ਮੁੱਖ ਅਫਸਰ ਇੰਸਪੈਕਟਰ ਰੌਬਿਨ ਹੰਸ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਦੀ ਗੱਡੀ ਦਾ ਪਿੱਛਾ ਕੀਤਾ। ਜਦੋਂ ਪੁਲਸ ਟੀਮ ਨੇ ਸੰਜੇ ਗਾਂਧੀ ਕਲੋਨੀ ਵਿੱਚ ਕਾਰ ਨੂੰ ਰੋਕਿਆ ਤਾਂ ਦੋਸ਼ੀ ਗੁਰਭੇਜ ਸਿੰਘ ਉਰਫ ਭੇਜਾ ਅਤੇ ਵੱਸਣ ਸਿੰਘ ਨੇ ਪੁਲਿਸ ਨੂੰ ਚੁਣੌਤੀ ਦਿੱਤੀ, ਜਦਕਿ ਕੰਵਲਪ੍ਰੀਤ ਸਿੰਘ ਨੇ ਪੁਲਸ ‘ਤੇ ਗੋਲੀ ਚਲਾਈ। ਇਸ ਦੌਰਾਨ ਏ.ਐਸ.ਆਈ. ਲਖਵਿੰਦਰ ਸਿੰਘ ਨੇ ਸਵੈ-ਰੱਖਿਆ ਹੇਠ ਵਾਪਸੀ ਗੋਲੀ ਚਲਾਈ ਜੋ ਕੰਵਲਪ੍ਰੀਤ ਸਿੰਘ ਨੂੰ ਲੱਗੀ। ਤਿੰਨਾਂ ਦੋਸ਼ੀਆਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

ਗ੍ਰਿਫ਼ਤਾਰ ਦੋਸ਼ੀ:-

ਕੰਵਲਪ੍ਰੀਤ ਸਿੰਘ ਪੁੱਤਰ ਸਰਵਣ ਸਿੰਘ, ਨਿਵਾਸੀ ਏਕ ਰੂਪ ਐਵੇਨਿਊ, ਨੌਸ਼ਹਿਰਾ ਖੁਰਦ, ਅੰਮ੍ਰਿਤਸਰ (ਜਖ਼ਮੀ)। ਉਮਰ 34 ਸਾਲ। ਇਸ ਤੋਂ ਪਹਿਲਾਂ 11 ਗੰਭੀਰ ਮੁਕੱਦਮੇ – ਇਰਾਦਾ ਕਤਲ, ਸਨੈਚਿੰਗ, ਲੁੱਟ ਆਦਿ ਦੇ ਤਹਿਤ ਦਰਜ਼।

ਗੁਰਭੇਜ ਸਿੰਘ ਉਰਫ ਭੇਜਾ, ਨਿਵਾਸੀ ਜਿਲ੍ਹਾ ਤਰਨ ਤਾਰਨ। ਪਹਿਲਾਂ ਤੋਂ 5 ਹੀਨੀਅਸ ਜੁਰਮਾਂ ਦੇ ਕੇਸ ਦਰਜ਼।

ਵੱਸਣ ਸਿੰਘ ਪੁੱਤਰ ਜਗੀਰ ਸਿੰਘ, ਨਿਵਾਸੀ ਜਿਲ੍ਹਾ ਤਰਨ ਤਾਰਨ। ਪਹਿਲਾਂ ਤੋਂ 6 ਗੰਭੀਰ ਕੇਸ ਦਰਜ਼।

ਬਰਾਮਦਗੀ:

01 ਰਿਵਾਲਵਰ 32 ਬੋਰ

3 ਜਿੰਦਾ ਕਾਰਤੂਸ

ਲੁੱਟੀ ਹੋਈ ਕਾਰ ਕੀਆ ਸੋਨੇਟ

ਜਖ਼ਮੀ ਦੋਸ਼ੀ ਕੰਵਲਪ੍ਰੀਤ ਸਿੰਘ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਤਿੰਨੋਂ ਦੋਸ਼ੀਆਂ ‘ਤੇ ਪਹਿਲਾਂ ਤੋਂ ਗੁਰਦਾਸਪੁਰ, ਬਟਾਲਾ, ਤਰਨ ਤਾਰਨ, ਜਲੰਧਰ ਸਿਟੀ, ਫਿਰੋਜ਼ਪੁਰ, ਫਰੀਦਕੋਟ, ਅੰਮ੍ਰਿਤਸਰ ਦਿਹਾਤੀ ਅਤੇ ਸਿਟੀ ਵਿੱਚ 22 ਤੋਂ ਵੱਧ ਗੰਭੀਰ ਜੁਰਮਾਂ ਦੇ ਕੇਸ ਦਰਜ਼ ਹਨ।

ਇਸ ਸਬੰਧੀ ਥਾਣਾ ਰਣਜੀਤ ਐਵੀਨਿਊ ਵਿੱਚ ਮੁਕੱਦਮਾਂ ਨੰਬਰ 60 ਮਿਤੀ 22.05.2025 ਤਹਿਤ ਧਾਰਾਵਾਂ 109, 221, 332, 3(5) BNS ਅਤੇ 25-54-59 ਆਰਮਜ਼ ਐਕਟ ਹੇਠ ਨਵਾਂ ਕੇਸ ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।

By Gurpreet Singh

Leave a Reply

Your email address will not be published. Required fields are marked *