ਲੁਧਿਆਣਾ ‘ਚ ਤਿੰਨ ਵੱਡੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ, CM ਮਾਨ ਨੇ ਦਿੱਤੇ ਵੱਡੇ ਐਲਾਨ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਤਿੰਨ ਵੱਡੇ ਵਿਕਾਸੀ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਇਲਾਕਾ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਤਰੱਕੀ ਲਈ ਪੰਜਾਬ ਸਰਕਾਰ ਵੱਲੋਂ ਭਵਿੱਖ ਵਿਚ ਵੀ ਐਸਾ ਹੀ ਸਹਿਯੋਗ ਜਾਰੀ ਰਹੇਗਾ।

ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਨੂੰ ਮਿਲੀ ਜਿੱਤ
ਪਾਣੀ ਦੇ ਹੱਕਾਂ ਸੰਬੰਧੀ ਮਾਮਲੇ ਵਿੱਚ ਭਗਵੰਤ ਮਾਨ ਨੇ ਦੱਸਿਆ ਕਿ ਕੋਰਟ ਵੱਲੋਂ 20 ਮਈ ਦੀ ਤਾਰੀਖ ਨਿਸ਼ਚਿਤ ਕੀਤੀ ਗਈ ਹੈ, ਜਿਸ ਦਿਨ ਹਰਿਆਣਾ ਨੂੰ ਪਾਣੀ ਮਿਲ ਜਾਣਾ ਹੈ। ਉਨ੍ਹਾਂ ਕਿਹਾ, “ਇਸ ਫ਼ੈਸਲੇ ਦਾ ਸਿੱਧਾ ਅਰਥ ਹੈ ਕਿ ਪੰਜਾਬ ਨੇ ਆਪਣੀ ਪਾਣੀ ਦੀ ਲੜਾਈ ਜਿੱਤ ਲਈ। ਅਸੀਂ ਮਾਣਯੋਗ ਅਦਾਲਤ ਵਿਚ ਪੰਜਾਬ ਦੇ ਹੱਕ ਲਈ ਡਟ ਕੇ ਲੜਾਈ ਲੜੀ।”

ਕਵਾਲਿਟੀ ’ਤੇ ਕੋਈ ਸਮਝੌਤਾ ਨਹੀਂ
ਮੁੱਖ ਮੰਤਰੀ ਨੇ ਉਦਘਾਟਨ ਕੀਤੇ ਗਏ ਤਿੰਨ ਪ੍ਰਾਜੈਕਟਾਂ ਦੀ ਗੁਣਵੱਤਾ ਬਾਰੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟਾਂ ਦੀ ਗੁਣਵੱਤਾ ਦੀ ਨਿਗਰਾਨੀ ਅਧਿਕਾਰੀਆਂ ਵੱਲੋਂ ਨਿਰੰਤਰ ਕੀਤੀ ਗਈ ਹੈ। “ਜੇਕਰ ਕਿਸੇ ਵੀ ਕੰਮ ਵਿਚ ਖ਼ਾਮੀ ਮਿਲੀ, ਤਾਂ ਜਵਾਬਦੇਹ ਅਧਿਕਾਰੀ ਅਤੇ ਠੇਕੇਦਾਰ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਉਨ੍ਹਾਂ ਨੂੰ ਬਲੈਕਲਿਸਟ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਕੋਈ ਟੈਂਡਰ ਨਹੀਂ ਦਿੱਤਾ ਜਾਵੇਗਾ,” ਮਾਨ ਨੇ ਕਿਹਾ।

ਰਜਿਸਟਰੀ ਪ੍ਰਕਿਰਿਆ ਹੋਵੇਗੀ ਹੋਰ ਆਸਾਨ
ਮੁੱਖ ਮੰਤਰੀ ਨੇ ਰਜਿਸਟਰੀ ਪ੍ਰਕਿਰਿਆ ਵਿਚ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਨਵੇਂ ਕਦਮਾਂ ਦੀ ਵੀ ਘੋਸ਼ਣਾ ਕੀਤੀ। ਹੁਣ ਜ਼ਮੀਨ ਦੀ ਰਜਿਸਟਰੀ ਸੇਵਾ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਫੋਟੋ ਖਿੱਚਵਾਉਣ ਲਈ ਕੇਵਲ ਇੱਕ ਵਾਰੀ ਤਹਿਸੀਲ ਦਫ਼ਤਰ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਤਹਿਸੀਲ ਅਫ਼ਸਰ ਖੁਦ ਘਰ ਆ ਕੇ ਰਜਿਸਟਰੀ ਦੇ ਕਾਗਜ਼ ਸੌਂਪਣਗੇ, ਜਿਸ ਨਾਲ ਲੋਕਾਂ ਦਾ ਸਮਾਂ ਅਤੇ ਮਿਹਨਤ ਦੋਵੇਂ ਬਚਣਗੇ।

ਇਸ ਤੋਂ ਇਲਾਵਾ, ਰਜਿਸਟਰੀਆਂ ਹੁਣ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਜਾਣਗੀਆਂ, ਤਾਂ ਜੋ ਲੋਕ ਆਸਾਨੀ ਨਾਲ ਉਹਨਾਂ ਨੂੰ ਪੜ੍ਹ ਸਕਣ ਅਤੇ ਸਮਝ ਸਕਣ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਸਾਰੀ ਪ੍ਰਕਿਰਿਆ ਪਾਰਦਰਸ਼ੀ ਅਤੇ ਲੋਕ-ਕੇਂਦਰਿਤ ਹੋਵੇ।

By Gurpreet Singh

Leave a Reply

Your email address will not be published. Required fields are marked *