ਅੱਜ ਚੰਡੀਗੜ੍ਹ ਵਿੱਚ ਮੌਸਮ ਦਾ ਸਭ ਤੋਂ ਵੱਧ ਠੰਢਾ ਦਿਨ

ਨੈਸ਼ਨਲ ਟਾਈਮਜ਼ ਬਿਊਰੋ :- ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਕਾਰਨ ਚੰਡੀਗੜ੍ਹ ਅਤੇ ਨੇੜਲੇ ਖੇਤਰਾਂ ਵਿੱਚ ਕੜਾਕੇ ਦੀ ਠੰਢ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਅੱਜ ਚੰਡੀਗੜ੍ਹ ਵਿੱਚ ਲਗਾਤਾਰ ਪੰਜਵੇਂ ਦਿਨ ਧੁੱਪ ਨਹੀਂ ਨਿਕਲੀ ਅਤੇ ਇਸ ਦੌਰਾਨ ਦਿਨ ਦਾ ਤਾਪਮਾਨ ਆਮ ਨਾਲੋਂ 6.2 ਡਿਗਰੀ ਸੈਲਸੀਅਸ ਘੱਟ ਰਿਹਾ। ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਅੱਜ ਦਿਨ ਇਸ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ। ਇਸ ਦੌਰਾਨ ਘੱਟ ਤੋਂ ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 2 ਡਿਗਰੀ ਸੈਲਸੀਅਸ ਵੱਧ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 31 ਦਸੰਬਰ ਤੋਂ ਬਾਅਦ ਤੇਜ਼ ਧੁੱਪ ਨਹੀਂ ਨਿਕਲੀ, ਜਦੋਂ ਕਿ ਇਕ ਦੋ ਵਾਰ ਸੂਰਜ ਦੇਵਤਾ ਦੇ ਦਰਸ਼ਨ ਜ਼ਰੂਰ ਹੋਏ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਰਾਤ ਦੇ ਮੁਕਾਬਲੇ ਦਿਨ ਵਿੱਚ ਜ਼ਿਆਦਾ ਠੰਢ ਹੈ। ਅੱਜ ਵੀ ਚੰਡੀਗੜ੍ਹ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ 3.2 ਡਿਗਰੀ ਸੈਲਸੀਅਸ ਦਾ ਫਰਕ ਦਰਜ ਕੀਤਾ ਗਿਆ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਅਗਲੇ ਦੋ ਦਿਨ ਸੰਘਣੀ ਧੁੰਦ ਦੇ ਨਾਲ-ਨਾਲ ਕੜਾਕੇ ਦੀ ਠੰਢ ਪਵੇਗੀ ਜਿਸ ਕਰਕੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੀਤ ਲਹਿਰਾਂ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋਵੇਗਾ। ਦੂਜੇ ਪਾਸੇ ਸਿਟੀ ਬਿਊਟੀਫੁੱਲ ਵਿੱਚ ਸੁਖਨਾ ਝੀਲ, ਰੌਕ ਗਾਰਡਨ ਅਤੇ ਰੋਜ਼ ਗਾਰਡਨ ਵਿੱਚ ਸਾਰਾ ਦਿਨ ਸੈਲਾਨੀਆਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਕੜਾਕੇ ਦੀ ਠੰਢ ਦੇ ਬਾਵਜੂਦ ਲੋਕ ਕਿਸ਼ਤੀਆਂ ਚਲਾਉਣ ਅਤੇ ਠੰਢ ਦਾ ਆਨੰਦ ਮਾਣਦੇ ਦਿਖਾਈ ਦਿੱਤੇ।
ਠੰਢ ਕਾਰਨ ਗਰਮ ਕੱਪੜਿਆਂ ਦੀ ਮੰਗ ਵਧਣ ਕਾਰਨ ਕੱਪੜਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਚਿਹਰੇ ਖਿੜ ਗਏ ਹਨ। ਦੁਕਾਨਾਂ ’ਤੇ ਗਰਮ ਕੱਪੜੇ ਖਰੀਦਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਅੱਜ ਸ਼ਹਿਰ ਦੇ ਸੈਕਟਰ-17 ਪਲਾਜ਼ਾ, ਸੈਕਟਰ-22, 19, 41 ਸਣੇ ਹੋਰਨਾਂ ਮਾਰਕੀਟਾਂ ਵਿੱਚ ਗਰਮ ਕੱਪੜੇ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਲੱਗੀ ਰਹੀ ਹੈ।

By Gurpreet Singh

Leave a Reply

Your email address will not be published. Required fields are marked *