ਅੰਮ੍ਰਿਤਸਰ ਵਿੱਚ ਚੱਲਦੀ ਥਾਰ ਉਤੇ ਖਤਰਨਾਕ ਸਟੰਟ; ਨੌਜਵਾਨ ਦੀ ਵੀਡੀਓ ਵਾਇਰਲ

ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਵਿੱਚ ਚੱਲਦੀ ਮਹਿੰਦਰਾ ਥਾਰ ਤੋਂ ਖਤਰਨਾਕ ਸਟੰਟ ਕਰਨ ਵਾਲੇ ਇੱਕ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਨੌਜਵਾਨ ਡਰਾਈਵਰ ਸੀਟ ’ਤੇ ਬੈਠਣ ਦੀ ਬਜਾਏ ਚੱਲਦੀ ਥਾਰ ਦਾ ਦਰਵਾਜ਼ਾ ਖੋਲ੍ਹ ਕੇ ਫੁੱਟਬੋਰਡ ’ਤੇ ਖੜ੍ਹਾ ਦਿਖਾਈ ਦੇ ਰਿਹਾ ਹੈ। ਉਹ ਵਾਲਾਂ ਵਿੱਚ ਹੱਥ ਪਾਉਂਦਾ ਤੇ ਕੈਮਰੇ ਸਾਹਮਣੇ ਵੱਖ-ਵੱਖ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ।

ਵੀਡੀਓ ਵਿੱਚ ਕਾਲੇ ਰੰਗ ਦੀ ਥਾਰ ਰਾਤ ਸਮੇਂ ਸੜਕ ’ਤੇ ਚੱਲਦੀ ਦਿਖਾਈ ਦਿੰਦੀ ਹੈ। ਉਹ ਚੱਲਦੀ ਗੱਡੀ ਦੇ ਖੁੱਲ੍ਹੇ ਦਰਵਾਜ਼ੇ ’ਤੇ ਖੜ੍ਹ ਕੇ ਹੱਥ ਨਾਲ ਇਸ਼ਾਰੇ ਵੀ ਕਰਦਾ ਹੈ। ਵੀਡੀਓ ਦੇ ਅੰਤ ਵਿੱਚ ਥਾਰ ਦੀਆਂ ਮੂਹਰਲੀਆਂ ਹੈੱਡਲਾਈਟਾਂ ਚਮਕਦੀਆਂ ਹਨ ਤੇ ਨੌਜਵਾਨ ਖੁੱਲ੍ਹੇ ਦਰਵਾਜ਼ੇ ’ਤੇ ਖੜ੍ਹ ਕੇ ਜਿੱਤ ਦਾ ਚਿੰਨ੍ਹ ਬਣਾਉਂਦਾ ਦਿਖਾਈ ਦਿੰਦਾ ਹੈ।

ਵੀਡੀਓ ਵਿੱਚ ਥਾਰ ਦੀ ਨੰਬਰ ਪਲੇਟ ਸਾਫ਼ ਦਿਖਾਈ ਨਹੀਂ ਦੇ ਰਹੀ। ਪਿਛੋਕੜ ਵਿੱਚ ਪੰਜਾਬੀ ਅਦਾਕਾਰ ਦੇਵ ਖਰੋੜ ਦਾ ਇੱਕ ਡਾਇਲਾਗ ਵੀ ਸੁਣਾਈ ਦਿੰਦਾ ਹੈ। ਇਹ ਵੀਡੀਓ ਪੰਜਾਬ ਮਨੁੱਖੀ ਅਧਿਕਾਰ IHRO ਦੇ ਪ੍ਰਧਾਨ ਅਤੇ ਆਲ ਇੰਡੀਆ ਐਂਟੀ-ਟੈਰਰਿਸਟ ਫਰੰਟ ਦੇ ਸਾਬਕਾ ਪੰਜਾਬ ਸਕੱਤਰ ਗੁਰਮੀਤ ਸਿੰਘ ਬਬਲੂ ਵੱਲੋਂ ਆਪਣੇ ਫੇਸਬੁੱਕ ਅਕਾਊਂਟ ’ਤੇ ਪੋਸਟ ਕੀਤੀ ਗਈ ਹੈ। ਹਾਲਾਂਕਿ, ਅਜੇ ਤੱਕ ਨੌਜਵਾਨ ਦੀ ਪਛਾਣ ਸਾਹਮਣੇ ਨਹੀਂ ਆਈ ਹੈ। ਪੁਲਿਸ ਮੁਤਾਬਕ, ਇਹ ਵੀਡੀਓ ਅੰਮ੍ਰਿਤਸਰ ਦੀ ਏਅਰਪੋਰਟ ਰੋਡ ਦਾ ਹੈ।

ਪੁਲਿਸ ਵੱਲੋਂ ਵੀਡੀਓ ਦੀ ਜਾਂਚ ਕਰਕੇ ਨੌਜਵਾਨ ਅਤੇ ਵਾਹਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਛਾਉਣੀ ਥਾਣੇ ਦੇ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਨੂੰ ਜਲਦ ਟਰੇਸ ਕਰ ਲਿਆ ਜਾਵੇਗਾ ਅਤੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਹੁਣ ਵਾਇਰਲ ਵੀਡੀਓ ਦੇ ਆਧਾਰ ’ਤੇ ਨੌਜਵਾਨ ਅਤੇ ਥਾਰ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।

By Gurpreet Singh

Leave a Reply

Your email address will not be published. Required fields are marked *