ਸ਼ੁੱਕਰਵਾਰ ਤੜਕਸਾਰ ਕਰੀਬ 2 ਵਜੇ ਚੰਡੀਗੜ੍ਹ ‘ਚ ਪੰਜਾਬ ਦੀ ਇੰਟਰੀ ਵਾਲੇ ਪਾਸੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਦੋ ਪੁਲਿਸ ਮੁਲਾਜਮਾਂ ਸਹਿਤ ਤਿੰਨ ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦ ਸਵੇਰੇ ਕਰੀਬ ਸਾਢੇ 3 ਵਜੋਂ ਚੰਡੀਗੜ੍ਹ ਇੰਟਰੀ ਪੁਆਇੰਟ ‘ਤੇ ਲੱਗੇ ਇੱਕ ਨਾਕੇ ਉਪਰ ਪੁਲਿਸ ਮੁਲਾਜਮ ਇੱਕ ਕਾਰ ਦੇ ਕਾਗਜ਼ ਚੈਕ ਕਰ ਰਹੇ ਸਨ ਕਿ ਅਚਾਨਕ ਪਿੱਛੇ ਤੋਂ ਆਈ ਇੱਕ ਤੇਜ ਰਫ਼ਤਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮਰਨ ਵਾਲਿਆਂ ਵਿਚ ਤੀਜ਼ਾ ਸਖ਼ਸ ਉਸ ਕਾਰ ਦਾ ਚਾਲਕ ਸੀ, ਜਿਸਦੀ ਕਾਰ ਦੇ ਕਾਗਜ਼ਾਂ ਦੀ ਪੁਲਿਸ ਮੁਲਾਜਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਸੀ।ਪੁਲਿਸ ਮੁਲਾਜ਼ਮ ਦੀ ਪਹਿਚਾਨ ਕਾਂਸਟੇਬਲ ਸੁਖਦਰਸ਼ਨ ਅਤੇ ਹੋਮ ਗਾਰਡ ਜਵਾਨ ਰਜੇਸ਼ ਕੁਮਾਰ ਵਜੋਂ ਹੋਈ ਹੈ ਜਦਕਿ ਤੀਜਾ ਵਿਕਤੀ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਸੂਤਰਾਂ ਮੁਤਾਬਕ ਘਟਨਾ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਦੀ ਐਸਐਸਪੀ ਕਮਰਦੀਪ ਕੌਰ ਵੀ ਖੁਦ ਮੌਕੇ ਤੇ ਪੁੱਜੇ। ਦਸਿਆ ਜਾ ਰਿਹਾ ਕਿ ਇਹ ਕਾਰ ਇੰਨੀਂ ਤੇਜ਼ ਸੀ ਕਿ ਟੱਕਰ ਵੱਜਦੇ ਹੀ ਸੜਕ ‘ਤੇ ਖੜੇ ਪੁਲਿਸ ਮੁਲਾਜਮਾਂ ਅਤੇ ਦੂਜੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਿਹਾ ਜਾ ਰਿਹਾ ਕਿ ਮੁਲਜਮ ਕਾਰ ਚਾਲਕ ਨੂੰ ਪੁਲਿਸ ਨੇ ਮੋਕੇ ‘ਤੇ ਹੀ ਹਿਰਾਸਤ ਵਿਚ ਲੈ ਲਿਆ। ਮਿਲੀ ਸੂਚਨਾ ਮੁਤਾਬਕ ਥਾਣਾ ਸੈਕਟਰ 31 ਦੀ ਪੁਲਿਸ ਵੱਲੋਂ ਜੀਰਕਪੁਰ ਵਾਲੀ ਸਾਈਡ ਤੋਂ ਚੰਡੀਗੜ੍ਹ ਦੇ ਇੰਟਰੀ ਪੁਆਇੰਟ ਉਪਰ ਨਾਕਾਬੰਦੀ ਕੀਤੀ ਹੋਈ ਸੀ ਤੇ ਸ਼ੱਕੀ ਵਹੀਕਲਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਦੇ ਮੁਲਾਜਮ ਇੱਕ ਕਾਰ ਨੂੰ ਰੋਕ ਕੇ ਉਸਦੇ ਕਾਗਜ਼ ਚੈਕ ਕਰ ਰਹੇ ਸਨ। ਕਾਰ ਦਾ ਚਾਲਕ ਵੀ ਉਨ੍ਹਾਂ ਦੇ ਨਾਲ ਹੀ ਖੜਾ ਸੀ ਤੇ ਪਿੱਛੇ ਤੋਂ ਆਈ ਤੇਜ ਰਫ਼ਤਾਰ ਦੂਜੀ ਕਾਰ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ।ਮੌਕੇ ‘ਤੇ ਤਿੰਨਾਂ ਜਖ਼ਮੀਆਂ ਨੂੰ ਸੈਕਟਰ 32 ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਹੀ ਮ੍ਰਿਤਕ ਐਲਾਨ ਦਿੱਤਾ ।