ਅੰਮ੍ਰਿਤਸਰ : ਅੰਮ੍ਰਿਤਸਰ ਦੇ ਡਾਕਘਰ ਵਿਚ ਤਾਇਨਾਤ ਇੱਕ ਅਧਿਕਾਰੀ ਵੱਲੋਂ ਪੰਜਾਬੀ ਨਾ ਬੋਲ ਸਕਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਚਰਚਾ ਵਿਚ ਆ ਗਿਆ ਹੈ। ਦਰਅਸਲ ਅਧਿਕਾਰੀ ਗਾਹਕ ਨਾਲ ਹਿੰਦੀ ਵਿੱਚ ਗੱਲ ਕਰ ਰਿਹਾ ਸੀ, ਜਿਸ ਕਾਰਨ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਡਾਕਘਰ ਡਿਵੀਜ਼ਨ ਦੇ ਸੁਪਰਡੈਂਟ ਪ੍ਰਵੀਨ ਪ੍ਰਸੂਨ ਨੇ ਸੰਬੰਧਿਤ ਡਾਕ ਸਹਾਇਕ ਵਿਸ਼ਾਲ ਸਿੰਘ ਦਾ ਤਬਾਦਲਾ ਕਿਸੇ ਹੋਰ ਵਿਭਾਗ ਵਿੱਚ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਾਲ ਸਿੰਘ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਚਾਰ ਸਾਲਾਂ ਤੋਂ ਅੰਮ੍ਰਿਤਸਰ ਡਾਕਘਰ ਵਿੱਚ ਸੇਵਾ ਨਿਭਾ ਰਿਹਾ ਸੀ।
ਸੁਪਰਡੈਂਟ ਪ੍ਰਵੀਨ ਪ੍ਰਸੂਨ ਨੇ ਕਿਹਾ ਕਿ ਅੰਮ੍ਰਿਤਸਰ ਡਾਕਘਰ ਦੇ ਬਹੁਤ ਸਾਰੇ ਕਰਮਚਾਰੀ ਹੋਰ ਰਾਜਾਂ ਤੋਂ ਭਰਤੀ ਹੁੰਦੇ ਹਨ ਅਤੇ ਉਨ੍ਹਾਂ ਦੀ ਚੋਣ ਹਿੰਦੀ ਤੇ ਅੰਗਰੇਜ਼ੀ ਦੀ ਯੋਗਤਾ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਕਿਸੇ ਸਰਕਾਰੀ ਕਰਮਚਾਰੀ ਦੀ ਵੀਡੀਓ ਬਣਾ ਕੇ ਵਾਇਰਲ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਤੋਂ ਬਚਣ ਲਈ ਡਾਕਘਰ ਦੇ ਸਟਾਫ਼ ਨੂੰ ਪੰਜਾਬੀ ਪੜ੍ਹਨ ਅਤੇ ਬੋਲਣ ਦੀ ਬੁਨਿਆਦੀ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਆਵੇ।
