ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਦਾ ਸਖ਼ਤ ਸੰਦੇਸ਼, ਕਿਹਾ– ਅੱਤਵਾਦੀਆਂ ਨੂੰ ਉਨ੍ਹਾਂ ਦੀ ਸੋਚ ਤੋਂ ਵੀ ਵੱਡੀ ਸਜ਼ਾ ਮਿਲੇਗੀ
ਬਿਹਾਰ ਦੌਰੇ ਦੌਰਾਨ ਮੋਦੀ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੌਰੇ ਦੌਰਾਨ ਪਹਿਲੀ ਵਾਰ ਇਸ਼ਾਰੇ ਸਾਫ਼ ਕਰ ਦਿੱਤੇ ਹਨ ਕਿ ਦੇਸ਼ ਦੇ ਦੁਸ਼ਮਣਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੋਦੀ ਨੇ ਕਿਹਾ, ‘‘ਜਿਨ੍ਹਾਂ ਨੇ ਇਹ ਹਮਲਾ ਕੀਤਾ, ਉਨ੍ਹਾਂ ਅਤਿਵਾਦੀਆਂ ਨੂੰ ਉਨ੍ਹਾਂ ਦੀ ਸੋਚ ਤੋਂ ਵੀ ਵੱਡੀ ਸਜ਼ਾ ਮਿਲੇਗੀ।’’ ਉਨ੍ਹਾਂ ਕਿਹਾ ਕਿ ਇਹ ਹਮਲਾ ਸਿਰਫ ਕਿਸੇ ਯਾਤਰੀ ਜਾਂ ਨਾਗਰਿਕ ‘ਤੇ ਨਹੀਂ ਸੀ, ਇਹ ਭਾਰਤ ਦੀ ਆਤਮਾ ‘ਤੇ ਹਮਲਾ ਸੀ। ਦੇਸ਼ ਵਿੱਚ ਸੋਗ ਅਤੇ ਰੋਸ ਦੀ ਲਹਿਰ ਹੈ।
ਬਿਹਾਰ ਦੇ ਮਧੂਬਨੀ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜ਼ਖਮੀਆਂ ਦੀ ਸਿਹਤਲਾਬੀ ਲਈ ਦੁਆ ਕੀਤੀ। ਸੰਬੋਧਨ ਦੌਰਾਨ ਉਨ੍ਹਾਂ ਨੇ ਡਿਜੀਟਲ ਇਨਫਰਾਸਟਰਕਚਰ, ਜ਼ਮੀਨੀ ਦਸਤਾਵੇਜ਼ਾਂ ਦੇ ਡਿਜੀਟਾਈਜ਼ੇਸ਼ਨ ਅਤੇ ਪੰਚਾਇਤਾਂ ਦੀ ਸ਼ਕਤੀਕਰਣ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਵਿੱਚ ਪਿੰਡਾਂ ਦੇ ਵਿਕਾਸ ਅਤੇ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਸਰਕਾਰ ਨੇ ਮਿਸ਼ਨ ਮੋਡ ‘ਚ ਕੰਮ ਕੀਤਾ ਹੈ।
ਮੋਦੀ ਨੇ ਰਾਸ਼ਟਰੀ ਕਵੀ ਰਾਮਧਾਰੀ ਸਿੰਘ ਦਿਨਕਰ ਨੂੰ ਵੀ ਯਾਦ ਕੀਤਾ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਨਵੀਂ ਸੰਸਦ ਇਮਾਰਤ ਸਮੇਤ 30 ਹਜ਼ਾਰ ਤੋਂ ਵੱਧ ਨਵੀਆਂ ਪੰਚਾਇਤ ਇਮਾਰਤਾਂ ਬਣਾਉਣ ਦੀ ਗੱਲ ਵੀ ਰੱਖੀ।
ਉਥੇ ਹੀ, ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਮੰਚ ਤੋਂ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਬਿਹਾਰ ਵਿੱਚ ਔਰਤਾਂ ਨੂੰ 50% ਰਾਖਵਾਂਕਰਨ ਮਿਲਿਆ ਹੈ, ਨਾਲ ਹੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਰਾਜ ਵਿੱਚ ਖਾਸ ਤੌਰ ‘ਤੇ ਸਿਹਤ, ਸੜਕ ਅਤੇ ਰੁਜ਼ਗਾਰ ਖੇਤਰ ਵਿੱਚ ਵੱਡਾ ਫਰਕ ਪਾਇਆ ਹੈ।