ਜਲੰਧਰ- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿੱਚ ਲਾਅ ਐਂਡ ਆਡਰ ਬਹੁਤ ਹੀ ਬੁਰੀ ਤਰ੍ਹਾਂ ਵਿਗੜ ਚੁੱਕਾ ਹੈ। ਆਏ ਦਿਨ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਕਤਲਾਂ ਤੋਂ ਹਰ ਵਰਗ ਡਾਢਾ ਪਰੇਸ਼ਾਨ ਹੋਇਆ ਪਿਆ ਹੈ। ਬੀਤੇ ਦਿਨੀਂ ਜਲੰਧਰ ‘ਚ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦਾ ਬੇਰਹਿਮੀ ਨਾਲ ਕੀਤੇ ਕਤਲ ਤੇ ਉਸ ਤੋਂ ਬਾਅਦ ਪੈਦਾ ਹੋਏ ਹਾਲਾਤ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇਸ ਸੰਬੰਧੀ ਪੰਜਾਬ ਕਾਂਗਰਸ ਨੇ ਸੂਬੇ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਪੰਜਾਬ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਜਗ ਬਾਣੀ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿਚ ਮ੍ਰਿਤਕ ਲੱਕੀ ਓਬਰਾਏ ਦੇ ਪਰਿਵਾਰਕ ਮੈਂਬਰਾਂ ਵੱਲੋਂ ‘ਆਪ’ ਆਗੂ ਦੀਪਕ ਬਾਲੀ ਉੱਤੇ ਗੁੱਸਾ ਕੱਢਿਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਨੂੰ ਖਰੀਆਂ ਖੋਟੀਆਂ ਸੁਣਾਈਆਂ ਜਾ ਰਹੀਆਂ ਹਨ। ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਹੈ ਕਿ ਲੋਕਾਂ ਦਾ ਭਰੋਸਾ ਪੰਜਾਬ ਦੀ ‘ਆਪ’ ਸਰਕਾਰ ਤੋਂ ਪੂਰੀ ਤਰ੍ਹਾਂ ਉੱਠਾ ਚੁੱਕਾ ਹੈ। ਸਰਕਾਰ ਦੀਆਂ ਨਾਕਾਮੀਆਂ ਕਾਰਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ ਅਤੇ ਲੋਕਾਂ ਦਾ ਗੁੱਸਾ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ।
