ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਦੇ ਝਬਾਲ ਰੋਡ ਤੇ ਸ਼ੁੱਕਰਵਾਰ ਰਾਤ ਨਿਹੰਗ ਸਿੰਘਾਂ ਦੇ ਧਰਨੇ ਦੌਰਾਨ ਹੰਗਾਮਾ ਹੋ ਗਿਆ। ਇਸ ਦੌਰਾਨ ਮੋਟਰਸਾਈਕਲ ਤੇ ਮੌਕੇ ਤੇ ਪਹੁੰਚੇ ਇੱਕ ਹੋਰ ਨਿਹੰਗ ਸਿੰਘ ਨੂੰ ਧਰਨੇ ’ਤੇ ਬੈਠੇ ਲੋਕਾਂ ਨੇ ਰੋਕ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਉਹ ਵਿਰੋਧੀ ਧਿਰ ਵੱਲੋਂ ਰੇਕੀ ਕਰਨ ਲਈ ਭੇਜਿਆ ਗਿਆ ਸੀ।
ਰੇਕੀ ਦੇ ਸ਼ੱਕ ’ਚ ਨਿਹੰਗ ਸਿੰਘ ਨੂੰ ਰੋਕਿਆ
ਜਾਣਕਾਰੀ ਮੁਤਾਬਕ ਝਬਾਲ ਰੋਡ ’ਤੇ ਨਿਹੰਗ ਸਿੰਘਾਂ ਵੱਲੋਂ ਇੱਕ ਵਿਵਾਦ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ਤੇ ਇੱਕ ਨਿਹੰਗ ਸਿੰਘ ਉੱਥੇ ਪਹੁੰਚਿਆ। ਧਰਨੇ ਤੇ ਬੈਠੇ ਨਿਹੰਗਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ’ਤੇ ਵਿਰੋਧੀ ਪੱਖ ਲਈ ਰੇਕੀ ਕਰਨ ਦਾ ਸ਼ੱਕ ਜਤਾਇਆ। ਇਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ।
ਮਹਿਲਾ SHO ਨਾਲ ਵੀ ਹੋਈ ਖਿੱਚੋਤਾਣ
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਗੇਟ ਹਕੀਮਾ ਦੀ SHO ਮਨਜੀਤ ਕੌਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੀ। SHO ਨੇ ਕੁੱਟਮਾਰ ਦਾ ਸ਼ਿਕਾਰ ਹੋਏ ਨਿਹੰਗ ਸਿੰਘ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਿਹੰਗ ਸਿੰਘਾਂ ਅਤੇ ਪੁਲਿਸ ਅਧਿਕਾਰੀ ਵਿਚਾਲੇ ਖਿੱਚਤਾਣ ਵੀ ਹੋਈ। ਬਾਅਦ ਵਿੱਚ ਪੁਲਿਸ ਨੇ ਜ਼ਖਮੀ ਨਿਹੰਗ ਸਿੰਘ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਅਤੇ ਥਾਣੇ ਲੈ ਗਈ।
