ਵਿਜੀਲੈਂਸ ਬਿਊਰੋ ਨੇ ਏਐਸਆਈ ਨੂੰ 15000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ

ਗੁਰਪ੍ਰੀਤ ਸਿੰਘ :- ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਪੰਜਾਬ ਨੇ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਦੇ ਕੈਲਾਸ਼ ਚੌਂਕ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਜਨਕ ਰਾਜ ਨੂੰ 15,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਦੇ ਸਰਕਾਰੀ ਬੁਲਾਰੇ ਮੁਤਾਬਕ ਇਹ ਕਾਰਵਾਈ ਸਿਵਲ ਲਾਈਨਜ਼, ਲੁਧਿਆਣਾ ਦੇ ਇਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਸ਼ਿਕਾਇਤਕਰਤਾ ਦੇ ਭਰਾ ਨੂੰ ਇਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੀ ਜਾਂਚ ਏਐਸਆਈ ਜਨਕ ਰਾਜ ਕਰ ਰਿਹਾ ਸੀ।

ਦੋਸ਼ ਹੈ ਕਿ ਜਦੋਂ ਸ਼ਿਕਾਇਤਕਰਤਾ ਆਪਣੇ ਭਰਾ ਨੂੰ ਮਿਲਣ ਥਾਣੇ ਗਿਆ ਤਾਂ ਏਐਸਆਈ ਨੇ ਮੌਕੇ ‘ਤੇ ਹੀ 10,000 ਰੁਪਏ ਰਿਸ਼ਵਤ ਲੈ ਲਈ। ਇਸ ਤੋਂ ਇਲਾਵਾ ਦੋਸ਼ੀ ਨੇ ਸ਼ਿਕਾਇਤਕਰਤਾ ਦੇ ਭਰਾ ਦੀ ਹੋਰ ਪੁਲਿਸ ਰਿਮਾਂਡ ਤੋਂ ਬਚਾਉਣ ਦੇ ਬਦਲੇ ਐਸਐਚਓ ਦੇ ਨਾਮ ‘ਤੇ 2 ਲੱਖ ਰੁਪਏ ਅਤੇ ਆਪਣੇ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਰਿਸ਼ਵਤ ਦੀ ਮੰਗ ਸੰਬੰਧੀ ਗੱਲਬਾਤ ਸ਼ਿਕਾਇਤਕਰਤਾ ਵੱਲੋਂ ਰਿਕਾਰਡ ਵੀ ਕੀਤੀ ਗਈ ਸੀ।
ਗੈਰਕਾਨੂੰਨੀ ਰਕਮ ਦੇਣ ਤੋਂ ਇਨਕਾਰ ਕਰਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ। ਪ੍ਰਾਰੰਭਿਕ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਏਐਸਆਈ ਜਨਕ ਰਾਜ ਨੂੰ 15,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਵਿਜੀਲੈਂਸ ਥਾਣਾ ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *