ਬਿਕਰਮ ਮਜੀਠੀਆ ਵਿਰੁੱਧ ਵਿਜੀਲੈਂਸ ਦਾ ਸ਼ਿਕੰਜਾ, ਸਾਲੇ ਗਜਪਤ ਗਰੇਵਾਲ ਨੂੰ ਮੁੜ ਭੇਜੇ ਸੰਮਨ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨਾਲ ਸੰਬੰਧਤ ਚਰਚਿਤ ਗੈਰਕਾਨੂੰਨੀ ਸੰਪਤੀ ਮਾਮਲੇ ਦੀ ਜਾਂਚ ਦਾ ਦਾਇਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ ਕੜੀ ਵਿੱਚ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ ਸੀ, ਪਰ ਸੋਮਵਾਰ 15 ਸਤੰਬਰ ਨੂੰ ਉਹ ਵਿਜੀਲੈਂਸ ਹੈੱਡਕੁਆਰਟਰ, ਮੋਹਾਲੀ ਵਿੱਚ ਪੇਸ਼ ਨਹੀਂ ਹੋਏ।

ਗਜਪਤ ਸਿੰਘ ਗਰੇਵਾਲ ਦੀ ਗੈਰ-ਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਹੁਣ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਤਾਜ਼ਾ ਨੋਟਿਸ ਭੇਜ ਦਿੱਤਾ ਹੈ। ਇਸ ਨੋਟਿਸ ਅਨੁਸਾਰ, ਉਹਨਾਂ ਨੂੰ ਮੰਗਲਵਾਰ 16 ਸਤੰਬਰ 2025 ਨੂੰ ਸਵੇਰੇ 11 ਵਜੇ ਮੋਹਾਲੀ ਦੇ ਸੈਕਟਰ-68 ਵਿਖੇ ਵਿਜੀਲੈਂਸ ਭਵਨ ਵਿੱਚ ਹਾਜ਼ਰ ਹੋਣਾ ਲਾਜ਼ਮੀ ਹੈ। ਦੱਸ ਦਈਏ ਕਿ ਗਜਪਤ ਸਿੰਘ ਗਰੇਵਾਲ ਨੂੰ ਪਹਿਲਾਂ 15 ਸਤੰਬਰ ਨੂੰ ਹੀ ਪੇਸ਼ ਹੋਣਾ ਸੀ, ਪਰ ਉਹ ਬਿਨਾਂ ਕਿਸੇ ਕਾਰਨ ਦੱਸੇ ਗੈਰਹਾਜ਼ਰ ਰਹੇ। ਇਸ ਕਰਕੇ ਜਾਂਚ ਅਧਿਕਾਰੀ ਨੇ ਉਹਨਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) 2023 ਦੀ ਧਾਰਾ 179 ਦਾ ਪ੍ਰਯੋਗ ਕੀਤਾ ਹੈ। ਇਸ ਧਾਰਾ ਅਧੀਨ, ਜੇ ਕੋਈ ਵਿਅਕਤੀ ਜਾਂਚ ਵਿੱਚ ਸਹਿਯੋਗ ਨਹੀਂ ਕਰਦਾ, ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਕਾਨੂੰਨੀ ਜਾਣਕਾਰਾਂ ਦਾ ਮੰਨਣਾ ਹੈ ਕਿ ਗਜਪਤ ਸਿੰਘ ਗਰੇਵਾਲ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਕੜੀ ਸਾਬਤ ਹੋ ਸਕਦੇ ਹਨ। ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਉਹਨਾਂ ਦੀ ਗਵਾਹੀ ਅਤੇ ਬਿਆਨ ਨਾਲ ਮਜੀਠੀਆ ਨਾਲ ਸੰਬੰਧਿਤ ਵਿੱਤੀ ਲੈਣ-ਦੇਣ ਅਤੇ ਸੰਪਤੀ ਦੇ ਸਰੋਤਾਂ ਬਾਰੇ ਹੋਰ ਸਪਸ਼ਟਤਾ ਆ ਸਕਦੀ ਹੈ। ਇਹੀ ਕਾਰਣ ਹੈ ਕਿ ਵਿਜੀਲੈਂਸ ਬਿਊਰੋ ਉਹਨਾਂ ਦੀ ਹਾਜ਼ਰੀ ਨੂੰ ਲੈ ਕੇ ਸਖ਼ਤੀ ਵਿਖਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *