ਬਰੇਲੀ- ਮੌਤ ਕਦੋਂ ਅਤੇ ਕਿੱਥੇ ਆਉਣੀ ਹੈ, ਇਸ ਗੱਲ ਦੀ ਕਿਸੇ ਨੂੰ ਖ਼ਬਰ ਤੱਕ ਨਹੀਂ ਹੁੰਦੀ। ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਜੁੱਤੀਆਂ ਦੇ ਕਾਰੋਬਾਰੀ ਦੀ ਸਟੇਜ ‘ਤੇ ਹੀ ਮੌਤ ਆ ਗਈ। ਦਰਅਸਲ ਵਿਆਹ ਦੀ 25ਵੀਂ ਵਰ੍ਹੇਗੰਢ ਮਨਾ ਰਹੇ 50 ਸਾਲਾ ਵਸੀਮ ਸਰਵਤ ਆਪਣੀ ਪਤਨੀ ਨਾਲ ਨੱਚ ਰਹੇ ਸਨ। ਨੱਚਦੇ-ਨੱਚਦੇ ਉਹ ਅਚਾਨਕ ਸਟੇਜ ‘ਤੇ ਹੀ ਡਿੱਗ ਪਏ। ਲੋਕ ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਲੈ ਕੇ ਪਹੁੰਚੇ ਪਰ ਉਦੋਂ ਤੱਕ ਉਹ ਦਮ ਤੋੜ ਚੁੱਕੇ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਕ ਪਲ ਵਿਚ ਹੀ ਵਰ੍ਹੇਗੰਢ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਪਰਿਵਾਰ ਵਿਚ ਚੀਕ-ਪੁਕਾਰ ਮਚ ਗਈ।
ਇਹ ਘਟਨਾ ਇਕ ਮੈਰਿਜ ਹਾਲ ਵਿਚ ਵਾਪਰੀ। ਵਸੀਮ ਅਤੇ ਉਨ੍ਹਾਂ ਦੀ ਪਤਨੀ ਫਰਾਹ ਆਪਣੇ ਵਿਆਹ ਦੀ ਸਿਲਵਰ ਜੁਬਲੀ ਮਨਾ ਰਹੇ ਸਨ। ਉਨ੍ਹਾਂ ਨੇ ਇਕ ਪਾਰਟੀ ਰੱਖੀ ਸੀ। ਪਾਰਟੀ ਵਿਚ ਕਈ ਮਹਿਮਾਨ ਨੇ ਵੀ ਸ਼ਿਰਕਤ ਕੀਤੀ। ਵਸੀਮ ਜੁੱਤੀਆਂ ਦਾ ਕਾਰੋਬਾਰ ਕਰਦੇ ਸਨ। ਦੋਵੇਂ ਪਤੀ-ਪਤਨੀ ਸਟੇਜ ‘ਤੇ ਡਾਂਸ ਕਰ ਰਹੇ ਸਨ ਕਿ ਅਚਾਨਕ ਵਸੀਮ ਦੇ ਡਿੱਗਣ ਨਾਲ ਸਾਰੇ ਲੋਕ ਹੈਰਾਨ ਰਹਿ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ‘ਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।
ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿਚ ਵਸੀਮ ਅਤੇ ਫਰਾਹ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੋਵੇਂ ਡਾਂਸ ਕਰ ਰਹੇ ਹਨ। ਕੁਝ ਦੇਰ ਲਈ ਵਸੀਮ ਨੇ ਆਪਣੀ ਪਤਨੀ ਦਾ ਹੱਥ ਫੜ ਕੇ ਡਾਂਸ ਕੀਤਾ। ਅਗਲੇ ਸਟੈਪ ਲਈ ਪਤਨੀ ਉਨ੍ਹਾਂ ਦਾ ਹੱਥ ਛੱਡ ਕੇ ਵੱਖ ਹੋਈ ਅਤੇ ਅਗਲੇ ਹੀ ਸਕਿੰਟ ਉਹ ਸਟੇਜ ‘ਤੇ ਡਿੱਗ ਪਏ। ਵੀਰਵਾਰ ਸਵੇਰੇ ਪਰਿਵਾਰ ਨੇ ਉਨ੍ਹਾਂ ਨੰ ਸੁਪਰਦ-ਏ-ਖਾਕ ਕਰ ਦਿੱਤਾ। ਵਸੀਮ ਆਪਣੇ ਪਿੱਛੇ ਦੋ ਪੁੱਤਾਂ ਨੂੰ ਛੱਡ ਗਏ ਹਨ।