ਜਲੰਧਰ- ਪੰਜਾਬ ਵਿਚ ਬੀਤੇ ਦਿਨ ਜਿੱਥੇ ਮੌਸਮ ਵਿਚ ਅਚਾਨਕ ਤਬਦੀਲੀ ਆਉਣ ਕਰਕੇ ਜਿੱਥੇ ਲੋਕਾਂ ਨੂੰ ਥੋੜ੍ਹੀ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਤੇਜ਼ ਹਨ੍ਹੇਰੀ ਅਤੇ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਭਾਰੀ ਤਬਾਹੀ ਵੀ ਹੋਈ। ਅਗਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਹਿਮਾਚਲ ਨਾਲ ਲੱਗਦੇ ਪੰਜਾਬ ਦੇ 8 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਗਰਮੀ ਪੈਣ ਵਾਲੀ ਹੈ। ਇਥੇ ਗਰਮੀ ਦੀ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਨੌਤਪਾ ਸ਼ੁਰੂ ਹੋ ਰਿਹਾ ਹੈ ਪਰ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਅਜੇ ਵੀ ਮੀਂਹ ਅਤੇ ਤੇਜ਼ ਹਵਾਵਾਂ ਦਾ ਮੌਸਮ ਚੱਲ ਰਿਹਾ ਹੈ। 15 ਜ਼ਿਲ੍ਹੇ ਅਜਿਹੇ ਹਨ, ਜਿੱਥੇ ਦਿਨ ਅਤੇ ਰਾਤ ਦੋਵੇਂ ਗਰਮ ਰਹਿਣ ਵਾਲੇ ਹਨ ਅਤੇ ਇਥੇ ਔਰੇਂਜ ਅਤੇ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਤਿੰਨ-ਚਾਰ ਦਿਨ ਵੀ ਇਸੇ ਤਰ੍ਹਾਂ ਪੱਛਮੀ ਡਿਸਟਰਬੈਂਸ ਦੇ ਚਲਦਿਆਂ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਖ਼ਾਸ ਤੌਰ ‘ਤੇ ਪੰਜਾਬ ਦੇ ਦੱਖਣ-ਪੱਛਮੀ ਹਿੱਸਿਆਂ ਵਿੱਚ ਪੈਣ ਵਾਲੇ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਤੇਜ਼ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਹ ਜ਼ਿਲ੍ਹੇ ਰਹਿਣ ਸਾਵਧਾਨ
ਦੱਸ ਦਈਏ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਅਤੇ ਤੂਫ਼ਾਨ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਇਥੇ 40 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।
ਉਥੇ ਹੀ ਤਰਨਤਾਰਨ, ਕਪੂਰਥਲਾ, ਜਲੰਧਰ, ਪਟਿਆਲਾ, ਸੰਗਰੂਰ ਅਤੇ ਲੁਧਿਆਣਾ ਵਿੱਚ ਗਰਮੀ ਦੀ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਮੋਗਾ, ਬਰਨਾਲਾ, ਬਠਿੰਡਾ ਅਤੇ ਮਾਨਸਾ ਵਿੱਚ ਗਰਮੀ ਦੀ ਲਹਿਰ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਇਥੇ ਦਿਨ ਦੇ ਨਾਲ-ਨਾਲ ਰਾਤਾਂ ਵੀ ਗਰਮ ਰਹਿਣ ਵਾਲੀਆਂ ਹਨ।
ਉਥੇ ਹੀ ਜੇਕਰ ਪੰਜਾਬ ਵਿਚ ਮੌਸਮ ਸਬੰਧੀ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਸੂਬੇ ‘ਚ ਤਾਪਮਾਨ 0.4 ਡਿਗਰੀ ਵਧ ਗਿਆ ਪਰ ਰਾਤ ਨੂੰ ਮੀਂਹ ਅਤੇ ਤੇਜ਼ ਹਵਾਵਾਂ ਨੇ ਤਾਪਮਾਨ ਨੂੰ ਹੇਠਾਂ ਲਿਆਂਦਾ। ਹਾਲਾਂਕਿ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਅਬੋਹਰ ਵਿਚ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।