ਗੁਰਪ੍ਰੀਤ ਸਿੰਘ :- ਪੱਛਮੀ ਪੌਣਾਂ ਦੀ ਗੜਬੜੀ ਕਾਰਨ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵਰਖਾ ਹੋਈ, ਜਦਕਿ ਕੁਝ ਜ਼ਿਲ੍ਹਿਆਂ ਵਿਚ ਦਿਨ ਦੇ ਸਮੇਂ ਬੱਦਲ ਛਾਏ ਰਹੇ ਅਤੇ ਹਲਕੀ ਬੂੰਦਾਬਾਂਦੀ ਹੋਈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਅੰਮ੍ਰਿਤਸਰ ਵਿਚ ਸਭ ਤੋਂ ਵੱਧ ਵਰਖਾ ਹੋਈ। ਲੁਧਿਆਣਾ ਵਿਚ ਪੂਰੇ ਸ਼ਹਿਰ ਵਿਚ ਵਰਖਾ ਨਹੀਂ ਹੋਈ, ਸਿਰਫ਼ ਕੁਝ ਖੇਤਰਾਂ ਵਿਚ ਹੀ ਮੀਂਹ ਪਿਆ। ਬਾਰਿਸ਼ ਅਤੇ ਬੱਦਲਾਂ ਦੇ ਛਾਏ ਰਹਿਣ ਕਾਰਨ ਕਈ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 30 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 26 ਅਤੇ 27 ਸਤੰਬਰ ਨੂੰ ਪੰਜਾਬ ਵਿਚ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਮਹਿਕਮੇ ਨੇ ਯੈਲੋ ਅਲਰਟ ਜਾਰੀ ਕੀਤਾ ਹੈ। 28 ਸਤੰਬਰ ਤੋਂ ਮੌਸਮ ਸਾਫ਼ ਹੋ ਜਾਵੇਗਾ।
