ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ, ਜਿਸਨੇ ਪੰਜਾਬ ਦੀ ਸਿਆਸਤ ‘ਚ ਕਈ ਦਹਾਕਿਆਂ ਤਕ ਆਪਣੀ ਹੋਂਦ ਜਮਾਈ ਰੱਖੀ, ਅੱਜ ਆਪਣੇ ਸਭ ਤੋਂ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਇੱਕ ਸਮਾਂ ਸੀ ਜਦ ਇਹ ਪਾਰਟੀ ਆਪਣੇ ਆਪ ਨੂੰ “ਇਕਲੌਤੀ ਪੰਥਕ ਪਾਰਟੀ” ਦੱਸਦੀ ਸੀ, ਪਰ ਅੱਜ ਨਾ ਸਿਰਫ਼ ਪੰਜਾਬ ਦੀ ਰਾਜਨੀਤੀ ‘ਚ ਇਹ ਹਾਸ਼ੀਏ ‘ਤੇ ਪਹੁੰਚ ਗਈ ਹੈ, ਸਗੋਂ ਪੰਥਿਕ ਸਰੋਕਾਰਾਂ ਵੱਜੋਂ ਵੀ ਵੱਡੇ ਪ੍ਰਸ਼ਨ ਚੁੱਕੇ ਜਾ ਰਹੇ ਹਨ।
2022 ਦੀ ਹਾਰ: ਪਾਰਟੀ ਦੇ ਦਿਨ ਮੁਕ ਗਏ?
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇ ਅਕਾਲੀ ਦਲ ਦੀ ਹਕੀਕਤ ਖੋਲ੍ਹਕੇ ਰੱਖ ਦਿੱਤੀ। ਪਾਰਟੀ, ਜੋ 1997 ਤੋਂ ਲੈ ਕੇ 2017 ਤੱਕ ਭਾਜਪਾ ਨਾਲ ਮਿਲਕੇ ਪੰਜਾਬ ‘ਚ ਸਰਕਾਰ ਬਣਾਉਂਦੀ ਰਹੀ, 2022 ਵਿੱਚ ਸਿਰਫ਼ 3 ਸੀਟਾਂ ‘ਤੇ ਆ ਗਈ। 2017 ਦੀ ਹਾਰ (15 ਸੀਟਾਂ) ਤੋਂ ਵੀ ਇਹ ਹਾਲਤ ਬਦਤਰ ਸੀ। ਲੋਕਾਂ ਨੇ ਨਾ ਸਿਰਫ਼ ਅਕਾਲੀ ਦਲ ਨੂੰ ਰੱਦ ਕਰ ਦਿੱਤਾ, ਸਗੋਂ ਇਸਦੇ ਪੱਕੇ ਵੋਟਰ ਵੀ ਪਾਸੇ ਹੋ ਗਏ।
ਪੰਥਕ ਆਧਾਰ ਵੀ ਲਹਿੰਦ?
ਇੱਕ ਸਮਾਂ ਸੀ, ਜਦ ਅਕਾਲੀ ਦਲ ਨੂੰ ਸਿੱਖ ਜਥੇਬੰਦੀਆਂ ਦੀ ਮੁੱਖ ਆਵਾਜ਼ ਮੰਨਿਆ ਜਾਂਦਾ ਸੀ। ਪਰ, ਬੇਅਦਬੀ ਮਾਮਲੇ, ਬਾਦਲ ਪਰਿਵਾਰ ਦੀ ਬੇਅੰਤ ਵਿਰਾਸਤੀ ਰਾਜਨੀਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਤੇ ਦਬਦਬੇ ਕਾਰਨ, ਸਿੱਖ ਸੰਗਤਾਂ ਵੀ ਹੁਣ ਇਸ ਪਾਰਟੀ ਤੋਂ ਦੂਰ ਹੋ ਰਹੀਆਂ ਹਨ। ਤਾਜ਼ਾ ਮਾਮਲਾ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਦਲਣ ‘ਚ ਅਕਾਲੀ ਦਲ ਦੀ ਸੰਭਾਵਿਤ ਭੂਮਿਕਾ ਵੀ ਇਸ ਰੋਸ਼ ਨੂੰ ਹੋਰ ਵਧਾ ਗਿਆ। ਪੰਥਿਕ ਮੱਦਾਂ ‘ਤੇ ਆਪਣਾ ਹੱਕ ਜਤਾਉਂਦੀ ਅਕਾਲੀ ਦਲ, ਹੁਣ ਸਿੱਖ ਵੋਟਰਾਂ ‘ਚ ਵੀ ਆਪਣੀ ਪਕੜ ਗੁਆ ਰਹੀ ਹੈ।
18 ਮਾਰਚ: ਕੀ ਨਵੀਂ ਭਰਤੀ ਕੁਝ ਬਦਲ ਸਕਦੀ ਹੈ?
ਪਾਰਟੀ ਦੀ ਮੋਜੂਦਾ ਹਾਲਤ ਨੂੰ ਦੇਖਦੇ ਹੋਏ, 18 ਮਾਰਚ 2025 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਦੀ ਲੀਡਰਸ਼ਿਪ ਹੇਠ ਇਹ ਮੁਹਿੰਮ ਪਾਰਟੀ ‘ਚ ਨਵੇਂ ਚਿਹਰੇ ਲਿਆਉਣ ਅਤੇ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤੀ ਲਿਆਉਣ ਲਈ ਹੈ। SGPC ਦੇ ਦਫ਼ਤਰ ‘ਚ ਇਸ ਦੀ ਸ਼ੁਰੂਆਤ ਕਰਕੇ ਪਾਰਟੀ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਅਜੇ ਵੀ ਪੰਥਕ ਪਾਰਟੀ ਹੈ। ਪਰ, ਕੀ ਇਸ ਨਾਲ ਪਾਰਟੀ ਦੀ ਡਿੱਗਦੀ ਸਾਖ ‘ਚ ਕੋਈ ਸੁਧਾਰ ਆਵੇਗਾ?
ਸ਼੍ਰੋਮਣੀ ਅਕਾਲੀ ਦਲ 2025 ਦੀ ਸਿਆਸਤ ‘ਚ ਇੱਕ ਮਜ਼ਬੂਤ ਚੁਣੌਤੀ ‘ਚ ਘਿਰ ਚੁੱਕੀ ਹੈ। 18 ਮਾਰਚ ਨੂੰ ਪਾਰਟੀ ਜੋ ਪੁਨਰਗਠਨ ਕਰ ਰਹੀ ਹੈ, ਉਹ ਇੱਕ ਆਖ਼ਰੀ ਕੋਸ਼ਿਸ਼ ਵੀ ਹੋ ਸਕਦੀ ਹੈ। ਜੇ ਇਹ ਨਵੇਂ ਆਗੂ, ਨਵੀਂ ਰਣਨੀਤੀ ਅਤੇ ਪੰਥਕ ਵਿਸ਼ਵਾਸ ਮੁੜ ਹਾਸਲ ਕਰਨ ਵਿੱਚ ਫੇਲ੍ਹ ਰਹਿੰਦੀ ਹੈ, ਤਾਂ ਸ਼ਾਇਦ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਮਜ਼ੀਦ ਗਿਰਾਵਟ ਵੇਖੇ।