ਗਿਆਨੀ ਰਘੁਬੀਰ ਸਿੰਘ ਨੂੰ ਹਟਾਉਣ ਤੋਂ ਬਾਅਦ ਅਕਾਲੀ ਦਲ ਤੇ ਅਕਾਲ ਤਖ਼ਤ ਦੇ ਸੰਬੰਧਾਂ ‘ਚ ਆਏ ਤਣਾਅ ਦੀ ਪੂਰੀ ਤਸਵੀਰ!
ਨੈਸ਼ਨਲ ਟਾਈਮਜ਼ ਬਿਊਰੋ :- ਅਕਾਲੀ ਦਲ ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਪ੍ਰਭਾਵਸ਼ਾਲੀ ਪਾਰਟੀ ਰਹੀ ਹੈ, ਜਿਸ ਨੇ ਕਈ ਵਾਰ ਸਿੱਖ ਪੰਥ ਅਤੇ ਪੰਜਾਬ ਦੀ ਰਾਜਨੀਤਿਕ ਤਸਵੀਰ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ। ਇਹ ਪਾਰਟੀ ਸਿਰਫ਼ ਇੱਕ ਸਿਆਸੀ ਸੰਸਥਾ ਹੀ ਨਹੀਂ, ਬਲਕਿ ਸਿੱਖ ਹਿੱਤਾਂ ਦੀ ਪਹੁੰਚਾਣ ਵਾਲੀ ਪੰਥਕ ਪਾਰਟੀ ਵੀ ਸਮਝੀ ਜਾਂਦੀ ਸੀ, ਪਰ, ਪਿਛਲੇ ਕੁਝ ਸਾਲਾਂ ਵਿੱਚ, ਅਕਾਲੀ ਦਲ ਦੀ ਪੰਥਕ ਪਹਿਚਾਣ ਉੱਤੇ ਕਈ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।
ਪੰਥਕ ਪਾਰਟੀ ਅਖਵਾਉਣ ਵਾਲੀ ਅਕਾਲੀ ਦਲ ਦਾ ਭਵਿੱਖ ਕਿ ਹੋਵੇਗਾ?
1920 ਵਿੱਚ ਸ਼ੁਰੂ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਅਗੂਵਾਈ ਨੇ ਸਿੱਖ ਧਰਮ ਅਤੇ ਸਿਆਸੀ ਮਾਮਲਿਆਂ ਵਿੱਚ ਆਪਣਾ ਪ੍ਰਭਾਵ ਬਣਾਇਆ। ਇਹ ਪਾਰਟੀ ਅਕਾਲ ਤਖ਼ਤ ਅਤੇ ਗੁਰਦੁਆਰਾ ਪ੍ਰਬੰਧਨ ਦੇ ਨਾਲ ਮਜ਼ਬੂਤ ਢੰਗ ਨਾਲ ਜੁੜੀ ਰਹੀ। 1996 ਤੱਕ, ਇਹ ਇੱਕ ਪੰਥਕ ਪਾਰਟੀ ਦੇ ਤੌਰ ‘ਤੇ ਮੰਨੀ ਜਾਂਦੀ ਸੀ, ਪਰ ਬਾਦਲ ਪਰਿਵਾਰ ਦੀ ਲੰਮੀ ਹਕੂਮਤ ਨੇ ਪਾਰਟੀ ਦੀ ਪਹਿਚਾਣ ਨੂੰ ਹੌਲੀ-ਹੌਲੀ ਬਦਲ ਦਿੱਤਾ।
ਹੁਣ, ਗਿਆਨੀ ਰਘੁਬੀਰ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਇਹ ਸਵਾਲ ਮੁੜ ਚੋਟੀ ‘ਤੇ ਲਿਆ ਦਿੱਤਾ, ਕੀ ਅਕਾਲੀ ਦਲ ਵਾਕੇ ਹੀ ਪੰਥਕ ਪਾਰਟੀ ਹੈ ਜਾਂ ਇਹ ਸਿਰਫ਼ ਇੱਕ ਸਿਆਸੀ ਦਲ ਬਣ ਕੇ ਰਹਿ ਗਿਆ?
ਅਕਾਲੀ ਦਲ, ਜਿਸ ਨੂੰ ਹਮੇਸ਼ਾ ਪੰਥਕ ਪਾਰਟੀ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਰਿਹਾ, ਅੱਜ ਇੱਕ ਗੰਭੀਰ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਗਿਆਨੀ ਰਘੁਬੀਰ ਸਿੰਘ ਨੂੰ ਹਟਾਉਣ ਤੋਂ ਬਾਅਦ ਪਾਰਟੀ ਉੱਤੇ ਆਉਂਦੇ ਸਵਾਲ ਇਨ੍ਹਾਂ ਦਿਨਾਂ ‘ਚ ਹੋਰ ਤੇਜ਼ ਹੋ ਗਏ ਹਨ। ਕੀ ਪਾਰਟੀ ਪਿਛਲੇ ਕੁਝ ਸਾਲਾਂ ‘ਚ ਆਪਣੇ ਮੁਢਲੇ ਅਸੂਲਾਂ ਤੋਂ ਹਟ ਗਈ ਹੈ? ਕੀ ਬਾਦਲ ਪਰਿਵਾਰ ਦੀ ਅਗਵਾਈ ਹਮੇਸ਼ਾ ਲਈ ਅਕਾਲੀ ਦਲ ਦੀ ਪੰਥਕ ਪਛਾਣ ਉੱਤੇ ਭਾਰੀ ਪੈ ਰਹੀ ਹੈ?
ਅਕਾਲ ਤਖ਼ਤ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਕੌਣ ਜਿੰਮੇਵਾਰ?
ਅਕਾਲ ਤਖ਼ਤ ਸਿੱਖ ਪੰਥ ਦੀ ਸਭ ਤੋਂ ਉੱਚੀ ਧਾਰਮਿਕ ਅਥਾਰਟੀ ਮੰਨੀ ਜਾਂਦੀ ਹੈ, ਜਿਸ ਦੀ ਆਜ਼ਾਦੀ ਤੇ ਪੰਥਕ ਤਾਕਤ ਨੂੰ ਬਚਾਉਣਾ ਹਰ ਸਿੱਖ ਦਾ ਫਰਜ ਹੈ। ਪਰ, ਅਕਾਲੀ ਦਲ ਤੇ ਇਸ ਨਾਲ ਜੁੜੇ ਹੋਏ ਸਿਆਸੀ ਹਸਥਸਖੇਪ ਤੇ ਹਾਲੀਆ ਫੈਸਲਾ ਇਹ ਦੱਸਣ ਲਈ ਕਾਫ਼ੀ ਹੈ ਕਿ ਇਹ ਪੰਥਕ ਅਦਾਰੇ ਉੱਤੇ ਸਿਆਸੀ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਇਹ ਕਾਰਵਾਈ ਇੱਕ ਵਿਅਕਤੀਗਤ ਸਿਆਸੀ ਲਾਭ ਲਈ ਕੀਤੀ ਗਈ? ਜਾਂ ਇਸ ਦੇ ਪਿੱਛੇ ਅਕਾਲੀ ਦਲ ਦੀ ਕੋਈ ਹੋਰ ਚਾਲ ਹੈ?
ਪੰਥਕ ਪਾਰਟੀ ਅਖਵਾਉਣ ਵਾਲੀ ਹੀ ਅਕਾਲ ਤਖ਼ਤ ਨਾਲ ਟਕਰਾਈ?
ਇਹ ਸਭ ਤੋਂ ਵੱਡਾ ਸਵਾਲ ਹੈ ਕਿ ਇੱਕ ਪੰਥਕ ਪਾਰਟੀ, ਜੋ ਸਿੱਖ ਧਰਮ ਦੇ ਹਿੱਤਾਂ ਦੀ ਰਖਿਆ ਕਰਦੀ ਹੈ, ਉਹ ਆਪਣੇ ਹੀ ਅਦਾਰਿਆਂ ਨਾਲ ਟਕਰਾ ਰਹੀ ਹੈ। ਪਹਿਲਾਂ ਵੀ ਅਕਾਲੀ ਦਲ ਉੱਤੇ ਇਲਜ਼ਾਮ ਲੱਗਦੇ ਰਹੇ ਹਨ ਕਿ ਉਨ੍ਹਾਂ ਨੇ ਅਕਾਲ ਤਖ਼ਤ ‘ਚ ਦਖ਼ਲਅੰਦਾਜ਼ੀ ਕੀਤੀ। ਗਿਆਨੀ ਰਘੁਬੀਰ ਸਿੰਘ ਨੂੰ ਹਟਾਉਣਾ, ਨਵੇਂ ਜਥੇਦਾਰਾਂ ਦੀ ਨਿਯੁਕਤੀ ਅਤੇ ਪੰਥਕ ਮਾਮਲਿਆਂ ਵਿੱਚ ਉਨ੍ਹਾਂ ਦੀ ਅਕਾਲ ਤਖ਼ਤ ਨਾਲ ਅਣਬਣ, ਇਹ ਸਾਰੇ ਸਵਾਲ ਪੈਦਾ ਕਰਦੇ ਹਨ ਕਿ ਅਕਾਲੀ ਦਲ ਹੁਣ ਕਿੰਨਾ ਪੰਥਕ ਰਹਿ ਗਿਆ ਹੈ?
ਜ਼ਿਕਰਯੋਗ ਹੈ ਕਿ ਪਹਿਲਾ ਅਕਾਲੀ ਦੱਲ ਦੇ ਕਈ ਲੀਡਰਾਂ ਨੂੰ ਤਨਖਾਹੀਆ ਕਰਾਰ ਵੀ ਕੀਤਾ ਗਿਆ ਸੀ ਤੇ ਅਕਾਲ ਤੱਖਤ ਵੱਲੋ ਸਜਾ ਵੀ ਸੁਣਾਈ ਗਈ ਸੀ।
ਕੀ ਕੀ ਹੋਏ ਫੈਸਲੇ?
ਗਿਆਨੀ ਰਘੁਬੀਰ ਸਿੰਘ ਦੀ ਜੱਥੇਦਾਰੀ ਤੋਂ ਹਟਾਇਆ– ਇਹ ਅਕਾਲੀ ਦਲ ਦੀ ਉਸ ਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ, ਜਿਸ ਅਧੀਨ ਉਹ ਆਪਣੇ ਹੱਕ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਅਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜ ਮੈਂਬਰੀ ਕਮੇਟੀ ਦਾ ਨਵਾਂ ਰੂਪ – ਕਮੇਟੀ ਦੀ ਬਣਤਰ ‘ਚ ਹੋਏ ਬਦਲਾਅ ਨੂੰ ਵੀ ਅਕਾਲੀ ਦਲ ਦੇ ਫ਼ੈਸਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।ਬਾਦਲ ਪਰਿਵਾਰ ਦੀ ਸਿਆਸੀ ਸਾਖ – ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ “ਪੰਥ ਰਤਨ” ਐਵਾਰਡ ਦੀ ਵਾਪਸੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਨੇ ਪਾਰਟੀ ਨੂੰ ਹੋਰ ਪਿੱਛੇ ਧਕੇਲ ਦਿੱਤਾ।
ਬਾਦਲ ਪਰਿਵਾਰ ਦੀ ਸਾਖ ਬਚਾਉਣ ਲਈ ਅਕਾਲੀ ਦਲ ਨੇ ਅਕਾਲ ਤਖ਼ਤ ਦੇ ਅਕਸ ਨੂੰ ਪਹੁੰਚਾਇਆ ਨੁਕਸਾਨ?
ਬਾਦਲ ਪਰਿਵਾਰ, ਜੋ ਸਾਲਾਂ ਤੱਕ ਅਕਾਲੀ ਦਲ ਅਤੇ ਪੰਜਾਬ ਦੀ ਸਿਆਸਤ ‘ਚ ਹਾਵੀ ਰਿਹਾ, ਅੱਜ ਇਕਲੇ ਪੈਂਦੇ ਨਜ਼ਰ ਆ ਰਹੇ ਹਨ। “ਪੰਥ ਰਤਨ” ਐਵਾਰਡ ਵਾਪਸ ਲੈਣ ਦਾ ਫੈਸਲਾ ਅਤੇ ਪੰਥਕ ਸੰਗਠਨਾਂ ਦੀ ਵਧ ਰਹੀ ਨਾਰਾਜ਼ਗੀ ਦੱਸ ਰਹੀ ਹੈ ਕਿ ਹੁਣ ਅਕਾਲੀ ਦਲ ਅਤੇ ਬਾਦਲ ਪਰਿਵਾਰ ਲਈ ਪੰਥਕ ਸਿਆਸਤ ਵਿਚ ਪਹੁੰਚ ਬਣਾਈ ਰੱਖਣੀ ਔਖੀ ਹੋ ਰਹੀ ਹੈ। ਇਸ ਲਈ ਅਕਾਲੀ ਦੱਲ ਵੱਲੋ ਲਗਾਤਾਰ ਪੰਥ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਪ੍ਰਕਾਸ਼ ਸਿੰਘ ਬਾਦਲ ਦਾ ਪੰਥ ਰਤਨ ਐਵਾਰਡ ਵਾਪਸ ਲੈਣ ਨਾਲ ਬਾਦਲ ਪਰਿਵਾਰ ਹਾਸੀਏ ਤੇ ਪਹੁੰਚਿਆ? ਇਹ ਫੈਸਲਾ ਸਿਰਫ਼ ਇੱਕ ਧਾਰਮਿਕ ਅਦਾਰੇ ਦੀ ਸਤਿਕਾਰ ਦੀ ਗੱਲ ਨਹੀਂ, ਇਹ ਬਾਦਲ ਪਰਿਵਾਰ ਦੀ ਰਾਜਨੀਤਿਕ ਗਿਰਾਵਟ ਦਾ ਵੀ ਇਸ਼ਾਰਾ ਕਰਦਾ ਹੈ। ਇੱਕ ਵੇਲਾ ਸੀ ਜਦੋਂ ਬਾਦਲ ਪਰਿਵਾਰ ਨੂੰ ਪੰਥਕ ਮੁੱਦਿਆਂ ਦਾ ਸਭ ਤੋਂ ਵੱਡਾ ਹਮੇਤੀ ਮੰਨਿਆ ਜਾਂਦਾ ਸੀ, ਪਰ ਹੁਣ ਉਹਨਾਂ ਦੀ ਗਿਰਤੀ ਸਿਆਸੀ ਸਾਖ ਨੇ ਅਕਾਲੀ ਦਲ ਦੀ ਪਹਿਚਾਣ ਨੂੰ ਹੀ ਚੁਣੌਤੀ ਦੇ ਦਿੱਤੀ ਹੈ।
ਕੀ ਅਕਾਲੀ ਦਲ ਆਪਣੀ ਰਾਜਨੀਤਿਕ ਜਮੀਨ ਬਚਾ ਸਕੇਗਾ?
ਅਕਾਲੀ ਦਲ ਜਿਹੜਾ ਕਦੇ ਪੰਜਾਬ ਦੀ ਰਾਜਨੀਤਿਕ ਧੁਰੀ ਸੀ, ਉਹ ਆਉਣ ਵਾਲੇ ਚੋਣਾਂ ਵਿੱਚ ਆਪਣਾ ਵਜੂਦ ਕਿਵੇਂ ਕਾਇਮ ਰੱਖੇਗਾ? ਪਾਰਟੀ ਦੀਆਂ ਹਾਲੀਆ ਗਲਤੀਆਂ ਨੇ ਉਨ੍ਹਾਂ ਦੇ ਪੱਖ ਧਰਾਂ ਨੂੰ ਵੀ ਦਿਲਬਰਦਾਸ਼ਤਾ ਕਰ ਦਿੱਤਾ। ਜੇਕਰ ਅਕਾਲੀ ਦਲ ਨੇ ਪੰਥਕ ਸਿਦਕ ਨੂੰ ਮੁੜ ਨਹੀਂ ਜਿੱਤਿਆ, ਤਾਂ ਉਹ ਆਪਣੀ ਰਾਜਨੀਤਿਕ ਜਮੀਨ ਪੱਕਾ ਗਵਾ ਬੈਠੇਗਾ।
ਹੁਣ ਪੰਜ ਮੈਂਬਰੀ ਕਮੇਟੀ ਵੱਲੋਂ ਆਰੰਭੀ ਮੈਂਬਰਸ਼ਿਪ ਮੁਹਿੰਮ ਦਾ ਕੀ ਬਣੇਗਾ?
ਮੈਂਬਰਸ਼ਿਪ ਮੁਹਿੰਮ ਤਹਿਤ ਪਾਰਟੀ ਦੁਬਾਰਾ ਵਧਾਈ ਜਾ ਰਹੀ ਹੈ, ਪਰ ਇਹ ਸਿਰਫ਼ ਇੱਕ ਵਿਖਾਵਾ ਹੋਵੇਗਾ ਜਾਂ ਅਸਲ ‘ਚ ਲੋਕਾਂ ਦਾ ਭਰੋਸਾ ਮੁੜ ਜਿੱਤਣ ਦੀ ਕੋਸ਼ਿਸ਼? ਪੰਥਕ ਜਥੇਬੰਦੀਆਂ ਅਤੇ ਧਾਰਮਿਕ ਸੰਥਾਵਾਂ ਦੀ ਨਾਰਾਜ਼ਗੀ ਦੇ ਮੱਦੇਨਜ਼ਰ, ਇਹ ਮੁਹਿੰਮ ਵੀ ਪਾਰਟੀ ਨੂੰ ਬਚਾਉਣ ‘ਚ ਕਿੰਨੀ ਕਾਮਯਾਬ ਰਹੇਗੀ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜ਼ਿਕਰਯੋਗ ਹੈ ਕਿ ਇਹ ਕਮੇਟੀ ਵੀ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮਾਂ ਤਹਿਤ ਬਣਾਈ ਗਈ ਸੀ, ਜਿਸ ਤਹਿਤ ਪਾਰਟੀ ਦਾ ਪੁਨਰਗਠਨ ਕੀਤਾ ਜਾਣਾ ਸੀ।
ਕੀ ਨਵਾਂ ਅਕਾਲੀ ਦਲ ਬਣੇਗਾ?
ਅਕਾਲੀ ਦਲ ਦੀ ਡਿੱਗਦੀ ਸਿਆਸੀ ਪਹਿਚਾਣ ਨੇ ਇਹ ਸੰਭਾਵਨਾ ਪੈਦਾ ਕਰ ਦਿੱਤੀ ਹੈ, ਕੀ ਪੰਜਾਬ ‘ਚ ਕਿਸੇ ਨਵੇਂ “ਅਕਾਲੀ ਦਲ” ਦੀ ਰਚਨਾ ਹੋ ਸਕਦੀ ਹੈ? ਜਿਹੜਾ ਪੂਰੀ ਤਰ੍ਹਾਂ ਪੰਥਕ ਹੋਵੇ, ਜਿਸ ‘ਚ ਬਾਦਲ ਪਰਿਵਾਰ ਦੀ ਦਖਲਅੰਦਾਜ਼ੀ ਨਾ ਹੋਵੇ ਅਤੇ ਜੋ ਸਿੱਖ ਪੰਥ ਦੀਆਂ ਮੁਸ਼ਕਲਾਂ ਨੂੰ ਸਿਆਸੀ ਮੁੱਦਾ ਬਣਾਉਣ ਦੀ ਬਜਾਏ ਹੱਲ ਕੱਢਣ ਵਲ ਧਿਆਨ ਦੇਵੇ।