ਡੇਰਾਬੱਸੀ ‘ਚ ਕਣਕ ਦੀ ਖਰੀਦ ਸ਼ੁਰੂ: ਵਿਧਾਇਕ ਰੰਧਾਵਾ ਨੇ ਦਿੱਤੇ ਕਿਸਾਨਾਂ ਨੂੰ ਭਰੋਸੇ

ਡੇਰਾਬੱਸੀ, 08ਅਪ੍ਰੈਲ, 2025 (ਗੁਰਪ੍ਰੀਤ ਸਿੰਘ): ਡੇਰਾਬੱਸੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਧਨੌਨੀ, ਅਮਲਾਲਾ, ਜੜੌਤ, ਤਸਿੰਬਲੀ ਅਤੇ ਸਮਗੌਲੀ ਮੰਡੀ ਵਿੱਚ ਕਣਕ ਦੀ ਖਰੀਦ ਕਾਰਜਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤ ਮੁਤਾਬਕ, ਮੰਡੀਆਂ ‘ਚ ਲਿਆਂਦੀਆਂ ਸੁੱਕੀਆਂ ਫਸਲਾਂ ਦੀ ਤੁਰੰਤ ਖਰੀਦ ਹੋਏਗੀ।

ਕਿਸਾਨਾਂ ਨੂੰ ਕਣਕ ਦੀ ਫਸਲ ਦੀ ਖਰੀਦ ਲਈ ਲੋੜੀਂਦੇ ਸਾਰੇ ਪ੍ਰਬੰਧਾਂ ਦਾ ਭਰੋਸਾ ਦਿਵਾਉਂਦੇ ਹੋਏ ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ, ਮੰਡੀ ਵਿੱਚ ਲਿਆਂਦੀਆਂ ਸੁੱਕੀਆਂ ਫਸਲਾਂ ਦੀ ਤੁਰੰਤ ਖਰੀਦ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦੀ ਢੇਰੀ ਦੀ ਪਹਿਲੀ ਆਮਦ ਨਾਲ ਖਰੀਦ ਕਾਰਜ ਦਾ ਰਸਮੀ ਉਦਘਾਟਨ ਕੀਤਾ।

ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫ਼ਸਲ ਲਿਆਉਣ ਦੀ ਅਪੀਲ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਇਸ ਨਾਲ ਖਰੀਦ ਏਜੰਸੀਆਂ ਨੂੰ ਵੀ ਖਰੀਦ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ਵਿੱਚ ਕੁੱਲ 07 ਖਰੀਦ ਕੇਂਦਰ ਹਨ ਅਤੇ ਲਾਲੜੂ ਮੰਡੀ ਵਿੱਚ ਉਹ ਪਹਿਲਾ ਹੀ ਖਰੀਦ ਸ਼ੁਰੂ ਕਰਵਾ ਚੁੱਕੇ ਹਨ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਕਣਕ ਦੀ ਫਸਲ ਤੁਰੰਤ ਖਰੀਦਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਮੰਡੀਆਂ ਵਿੱਚ ਆਪਣੀ ਉਪਜ ਵੇਚਣ ਲਈ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ।

ਡੇਰਾਬੱਸੀ ਹਲਕੇ ਤੋਂ ਵਿਧਾਇਕ ਨੇ ਅੱਗੇ ਕਿਹਾ ਕਿ ਸਬੰਧਤ ਏਜੰਸੀ ਵੱਲੋਂ ਖਰੀਦੀ ਗਈ ਕਣਕ ਦੀ ਅਦਾਇਗੀ 48 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸੇ ਤਰ੍ਹਾਂ, ਖਰੀਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਚੁੱਕਿਆ ਜਾਵੇਗਾ ਤਾਂ ਜੋ ਮੰਡੀ ਵਿੱਚ ਜਗ੍ਹਾ ਦੀ ਕਮੀ ਨਾ ਹੋਵੇ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿੱਚ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਜੋ ਵਾਤਾਵਰਣ ਅਤੇ ਮਨੁੱਖਤਾ ਦੇ ਹਿੱਤ ਵਿੱਚ ਨਹੀਂ ਹੈ, ਸਗੋਂ ਨੇੜਲੀ ਸੋਸਾਇਟੀ ਜਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੋਂ ਨਾੜ (ਫਸਲਾਂ ਦੀ ਰਹਿੰਦ-ਖੂੰਹਦ) ਦੇ ਪ੍ਰਬੰਧਨ ਲਈ ਫਸਲਾਂ ਦੀ ਰਹਿੰਦ-ਖੂੰਹਦ ਮਸ਼ੀਨਰੀ ਮੰਗਵਾਉਣ। ਉਨ੍ਹਾਂ ਕਿਸਾਨਾਂ ਅਤੇ ਵਾਢੀ ਕਰਨ ਵਾਲੇ ਕੰਬਾਈਨ ਓਪਰੇਟਰਾਂ ਨੂੰ ਕਣਕ ਦੀ ਫ਼ਸਲ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਰਨ ਦੀ ਅਪੀਲ ਕੀਤੀ ਤਾਂ ਜੋ ਫ਼ਸਲ ਵਿੱਚ ਨਮੀ ਦੀ ਵਧੀਕ ਮਾਤਰਾ ਤੋਂ ਬਚਿਆ ਜਾ ਸਕੇ।

ਇਸ ਮੌਕੇ ਉਨ੍ਹਾਂ ਦੇ ਨਾਲ ਡੇਰਾਬੱਸੀ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਚੌਧਰੀ , ਡੀਐਫਐਸਸੀ ਮੋਹਾਲੀ ਨਵਰੀਤ ਕੌਰ,ਡੀਐਫਐਸਓ ਮੋਹਾਲੀ,ਸਕੱਤਰ ਮਾਰਕੀਟ ਕਮੇਟੀਅਤੇ ਇਲਾਕੇ ਦੇ ਆੜ੍ਹਤੀ ,ਕਿਸਾਨ , ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ,ਸਰਪੰਚ ਸਾਹਿਬਾਨ ਤੇ ਟੀਮ ਵੀ ਮੌਜੂਦ ਰਹੀ.

By Gurpreet Singh

Leave a Reply

Your email address will not be published. Required fields are marked *