ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਚ ਕਣਕ ਦੀ ਖ਼ਰੀਦ ਦਾ ਕੰਮ ਦੋ ਹਫ਼ਤੇ ਪਛੜਣ ਦੇ ਆਸਾਰ ਹਨ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲੀ ਅਪ੍ਰੈਲ ਤੋਂ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਅਤੇ ਮੰਡੀਆਂ ਵਿਚ ਖ਼ਰੀਦ ਦੇ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ।
ਕੇਂਦਰ ਸਰਕਾਰ ਵਲੋਂ ਖ਼ਰੀਦੀਆਂ ਫ਼ਸਲਾਂ ਦੀ ਅਦਾਇਗੀ ਲਈ 28 ਹਜ਼ਾਰ ਕਰੋੜ ਰੁਪਏ ਦੀ ਸੀ.ਸੀ.ਐਲ. ਵੀ ਸੂਬਾ ਸਰਕਾਰ ਨੂੰ ਮੰਜ਼ੂਰ ਕੀਤੀ ਜਾ ਚੁੱਕੀ ਹੈ।ਸਰਕਾਰ ਦੇ ਐਲਾਨ ਮੁਤਾਬਕ ਅੱਜ ਮੰਡੀਆਂ ਵਿਚ ਖ਼ਰੀਦ ਅਧਿਕਾਰੀ ਕਣਕ ਆਉਣ ਦੀ ਉਡੀਕ ਵਿਚ ਬੈਠੇ ਸਨ ਪਰ ਅੱਜ ਨਾਮਾਤਰ ਹੀ ਕਣਕ ਇਕਾ ਦੁਕਾ ਮੰਡੀਆਂ ਵਿਚ ਆਈ। ਮਿਲੀ ਜਾਣਕਾਰੀ ਮੁਤਾਬਕ ਏਸ਼ੀਆ ਦੀ ਸੱਭ ਤੋਂ ਵੱਡੀ ਮੰਡੀ ਖੰਨਾ ਵਿਚ ਵੀ ਅੱਜ ਫ਼ਸਲ ਨਹੀਂ ਆਈ।ਮੰਡੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤਾਂ ਖੇਤਾਂ ਵਿਚ ਫ਼ਸਲ ਪੂਰੀ ਤਰ੍ਹਾਂ ਪੱਕੀ ਵੀ ਨਹੀਂ ਤੇ ਹਰੀ ਖੜੀ ਹੈ।
ਇਸ ਨੂੰ ਪੱਕਣ ਵਿਚ ਘੱਟੋ ਘੱਟ ਦੋ ਹਫ਼ਤੇ ਲਗਣਗੇ ਅਤੇ ਉਸ ਤੋਂ ਬਾਅਦ ਕਟਾਈ ਸ਼ੁਰੂ ਹੋਵੇਗੀ। ਵੈਸੇ ਵੀ ਕਣਕ ਦੀ ਕਟਾਈ ਵਿਸਾਖੀ ਵਾਲੇ ਦਿਨ 13 ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ। ਸਰਕਾਰ ਨੇ ਖ਼ਰੀਦ ਸ਼ੁਰੂ ਕਰਨ ਦਾ ਸਮਾਂ ਪਹਿਲੀ ਅਪ੍ਰੈਲ ਰਖਿਆ ਸੀ ਪਰ ਇਸ ਵਾਰ ਮੌਸਮ ਦੇ ਬਦਲਾਅ ਕਾਰਨ ਕਣਕ ਪੱਕਣ ਵਿਚ ਦੇਰੀ ਹੋਈ ਹੈ। ਕੁੱਝ ਦਿਨ ਪਹਿਲਾਂ ਤਕ ਮੌਸਮ ਠੰਢਾ ਸੀ ਅਤੇ ਫਿਰ ਅਚਾਨਕ ਗਰਮੀ ਹੋਈ। ਹਾਲੇ ਕਣਕ ਵਿਚ ਨਮੀ ਹੋਣ ਕਾਰਨ ਵੀ ਕਟਾਈ ਸ਼ੁਰੂ ਨਹੀਂ ਹੋ ਸਕਦੀ। ਪੰਜਾਬ ਸਰਕਾਰ ਨੇ ਖ਼ਰੀਦ ਲਈ 1864 ਖ਼ਰੀਦ ਕੇਂਦਰ ਸਥਾਪਤ ਕੀਤੇ ਹਨ।