ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਤੋਂ ਇੱਕ ਬਹੁਤ ਹੀ ਦੁਖਦਾਈ ਤੇ ਝੰਜੋੜ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਪਿੰਡ ਭੂਦਨ ਵਿੱਚ ਇੱਕ ਵਿਧਵਾ ਔਰਤ ਨੇ ਆਪਣੀ ਬਜ਼ੁਰਗ ਮਾਂ ਤੇ 9 ਸਾਲਾਂ ਪੁੱਤਰ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਇੱਕ ਘਰ ਵਿੱਚ ਤਿੰਨ ਮੌਤਾਂ ਹੋ ਜਾਣ ਮਗਰੋਂ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਮ੍ਰਿਤਕਾਂ ਦੀ ਪਛਾਣ ਇੰਦਰਪਾਲ ਕੌਰ (31 ਸਾਲ), ਪੁੱਤਰ ਜੋਰਡਨ ਸਿੰਘ(9 ਸਾਲ)ਅਤੇ ਮਾਂ ਹਰਦੀਪ ਕੌਰ ਵਜੋਂ ਹੋਈ। ਇੰਦਰਪਾਲ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਵਰ੍ਹੇ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਦੀ ਮਾਂ ਉਸ ਕੋਲ ਹੀ ਰਹਿ ਰਹੀ ਸੀ। ਇੰਦਰਪਾਲ ਕੌਰ ਤੇ ਹਰਦੀਪ ਕੌਰ ਦੀ ਮੌਤ ਰਾਤ ਨੂੰ ਹੋ ਗਈ ਸੀ ਜਦਕਿ ਪੁੱਤਰ ਜੋਰਡਨ ਨੇ ਸਵੇਰੇ ਦਮ ਤੋੜਿਆ।
ਜਾਣਕਾਰੀ ਅਨੁਸਾਰ ਸਵੇਰੇ ਜਦੋਂ ਜੋਰਡਨ ਸਿੰਘ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਮਾਂ ਅਤੇ ਨਾਨੀ ਨੂੰ ਮ੍ਰਿਤਕ ਦੇਖਿਆ ਮਗਰੋਂ ਉਸ ਨੂੰ ਆਪਣੀ ਦਾਦੀ ਨੂੰ ਇਸ ਬਾਰੇ ਦੱਸਿਆ ਤਾਂ ਰੌਲਾ ਪੈ ਗਿਆ। ਚਸ਼ਮਦੀਦਾਂ ਮੁਤਾਬਕ ਮਾਂ ਤੇ ਨਾਨੀ ਵਿਚਾਲੇ ਸੁੱਤੇ ਬੱਚੇ ਉਤੇ ਵੀ ਜ਼ਹਿਰ ਦਾ ਅਸਰ ਹੋਇਆ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਉਸ ਨੇ ਵੀ ਦਮ ਤੋੜ ਦਿੱਤਾ। ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਤੋਂ ਪਹਿਲਾਂ ਇੰਦਰਪਾਲ ਕੌਰ ਨੇ ਵੀਡੀਓ ਰਿਕਾਰਡ ਕੀਤੀ ਸੀ ਜਿਸ ਵਿੱਚ ਉਸ ਨੇ ਗੁਆਂਢੀ ਪਰਿਵਾਰਕ ਅਤੇ ਰਿਸ਼ਤੇਦਾਰਾਂ ਸਮੇਤ ਦਸ ਜਣਿਆਂ ਨੂੰ ਆਪਣੀ ਮੌਤ ਲਈ ਜਿਵੇਂ ਵਾਰ ਠਹਿਰਾਇਆ ਸੀ।
ਮਲੇਰਕੋਟਲਾ ਪੁਲਿਸ ਮੁਤਾਬਕ ਥਾਣਾ ਸੰਦੌੜ ਦੇ 203 ਨੰਬਰ ਐਫ ਆਈਆਰ ਦੇ ਵਿੱਚ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਪੁੱਤਰ ਅੱਛਰਾ ਸਿੰਘ ਵਾਸੀ ਪਿੰਡ ਗੁਰਬਖਸ਼ਪੁਰਾ ਥਾਣਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੇ ਬਿਆਨਾਂ ਉਤੇ ਐਫ ਆਈਆਰ ਦਰਜ ਕਰ ਲਈ ਹੈ। ਜਿਸ ਵਿਚ ਜਿਨ੍ਹਾਂ ਦਸ ਲੋਕਾਂ ਦਾ ਨਾਮ ਵੀਡੀਓ ਵਿੱਚ ਲਿਆ ਗਿਆ ਹੈ ਉਨ੍ਹਾਂ ਵਿੱਚ ਚਰਨਜੀਤ ਕੌਰ ਸੱਸ, ਭੋਲਾ ਸਿੰਘ, ਸੁਖਪਾਲਾ ਸਿੰਘ ਪੁੱਤਰ ਭੋਲਾ ਸਿੰਘ, ਦਲਜੀਤ ਕੌਰ ਪਤਨੀ ਭੋਲਾ ਸਿੰਘ, ਬਾਬੀ ਕੌਰ ਪੁੱਤਰੀ ਭੋਲਾ ਸਿੰਘ, ਕੌਰੂ ਸਿੰਘ ,ਪੰਮੂ ਸਿੰਘ ,ਜਸਮੇਲ ਕੌਰ ਗੁਰਪ੍ਰੀਤ ਸਿੰਘ ਅਤੇ ਕਿਰਨਾ ਕੌਰ ਪਤਨੀ ਨਾਮਲੂਮ ਬਾਸੀ ਪਿੰਡ ਭੂਦਨ ਖਿਲਾਫ ਐਫਆਈਆਰ ਦਰਜ ਕਰ ਲਈ ਹੈ।
