ਨੈਸ਼ਨਲ ਟਾਈਮਜ਼ ਬਿਊਰੋ :- ਥਾਣਾ ਰਾਜਾਸਾਂਸੀ ਪੁਲਸ ਵੱਲੋਂ ਕਾਮਯਾਬੀ ਹਾਸਲ ਕਰਦਿਆਂ ਸਾਬਕਾ ਸਰਪੰਚ ਪਰਵਿੰਦਰ ਸਿੰਘ ਦੇ ਗੁਆਂਢੀ ਸਹਿਜ ਸ਼ੁਭਮ ਸਿੰਘ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਸਹਿ ਦੋਸ਼ਣ ਕਿਰਨਦੀਪ ਕੌਰ ਨੂੰ ਕਾਬੂ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਤੇਜ ਸਿੰਘ ਐੱਸ. ਐੱਚ. ਓ. ਰਾਜਾਸਾਂਸੀ ਨੇ ਦੱਸਿਆ ਕਿ ਬੀਤੇ ਕੱਲ੍ਹ ਸਹਿਜ ਸ਼ੁਭਮ ਸਿੰਘ ਪੁੱਤਰ ਹਰਮੇਸ਼ ਕੁਮਾਰ ਵਾਸੀ ਰੁੜਕਾ ਕਲਾਂ ਗੋਰਾਇਆ ਜ਼ਿਲ੍ਹਾ ਜਲੰਧਰ ਹਾਲ ਵਾਸੀ 185 ਸਿਵਾ ਕਾਲੋਨੀ ਰਾਜਾਸਾਂਸੀ ਅਤੇ ਕਿਰਨਦੀਪ ਕੌਰ ਪਤਨੀ ਸ਼ੁਭਮ ਸਹਿਜਪਾਲ ਵਾਸੀ 185 ਸਿਵਾ ਕਾਲੋਨੀ ਰਾਜਾਸਾਂਸੀ ਅਤੇ ਉਨ੍ਹਾਂ ਦੇ ਗੁਆਂਢੀ ਪਰਵਿੰਦਰ ਸਿੰਘ ਵਾਸੀ ਸੈਦੂਪੁਰਾ ਥਾਣਾ ਰਾਜਾਸਾਂਸੀ ਹਾਲ ਕੋਠੀ ਨੰ 186 ਸਿਵਾ ਕਾਲੋਨੀ ਨੇੜੇ ਰਾਜਾਸਾਂਸੀ ਵੱਲੋਂ ਗੱਡੀ ਪਾਰਕਿੰਗ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਸ਼ੁਭਮ ਸਹਿਜਪਾਲ ਵੱਲੋਂ ਆਪਣੇ ਪਿਸਟਲ ਨਾਲ ਪਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ।
ਜਿਸ ਸਬੰਧੀ ਉਕਤ ਦੋਸ਼ੀ ਸ਼ੁਭਮ ਸਹਿਜਪਾਲ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਖਿਲ਼ਾਫ ਥਾਣਾ ਰਾਜਾਸਾਂਸੀ ਵਿਖੇ ਦਰਜ ਮੁਕੱਦਮੇ ਤਹਿਤ ਦੋਸ਼ਣ ਕਿਰਨਦੀਪ ਕੌਰ ਨੂੰ ਕਾਬੂ ਕਰ ਲਿਆ ਗਿਆ ਹੈ। ਉਕਤ ਦੋਸ਼ੀ ਸ਼ੁਭਮ ਸਹਿਜਪਾਲ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।