ਲੱਖਾਂ ਰੁਪਏ ਖਰਚ ਕੇ ਪੜ੍ਹਾਈ ਲਈ ਵਿਦੇਸ਼ ਭੇਜੀ ਪਤਨੀ ਨੇ ਮੰਗਿਆ ਤਲਾਕ, ਨੌਜਵਾਨ ਨੇ ਦਿੱਤੀ ਆਪਣੀ ਜਾਨ

ਰਾਜੀਵ ਸ਼ਰਮਾ :- ਹੁਸ਼ਿਆਰਪੁਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ ਭੇਜੀ ਪਤਨੀ ਵੱਲੋਂ ਤਲਾਕ ਮੰਗਣ ‘ਤੇ ਨੌਜਵਾਨ ਨੇ ਘਰ ਵਿੱਚ ਹੀ ਪੱਖੇ ਨਾਲ ਫਾਹਾ ਲੈ ਲਿਆ। ਮ੍ਰਿਤਕ ਨੌਜਵਾਨ ਦੀ ਪਛਾਣ ਅਮਰਜੀਤ ਸਿੰਘ (25) ਪੁੱਤਰ ਕਿਸ਼ਨ ਸਿੰਘ ਪਿੰਡ ਗੱਦੀਵਾਲ ਵਜੋਂ ਹੋਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਮਰਜੀਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਗੱਦੀਵਾਲ ਬੀਤ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਅਮਰਜੀਤ ਸਿੰਘ ਦਾ ਵਿਆਹ 24 ਜਨਵਰੀ 2024 ਨੂੰ ਕੁਲਵਿੰਦਰ ਕੌਰ ਪੁੱਤਰੀ ਅਮਰਜੀਤ ਸਿੰਘ ਨਿਵਾਸੀ ਪਿੰਡ ਗੌਂਦਪੁਰ ਜੈ ਚੰਦ, ਥਾਣਾ ਟਾਹਲੀਵਾਲ ਜ਼ਿਲ੍ਹਾ ਉਨਾ ਨਾਲ ਕੀਤਾ ਸੀ। ਮੇਰੇ ਲੜਕੇ ਨੇ ਵਿਆਹ ਤੋਂ ਬਾਅਦ ਚੰਗੇ ਭਵਿੱਖ ਲਈ ਆਪਣੀ ਪਤਨੀ ਕੁਲਵਿੰਦਰ ਕੌਰ ਨੂੰ 15 ਲੱਖ ਰੁਪਏ ਖ਼ਰਚ ਕਰਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜ ਦਿੱਤਾ। ਇਸ ਤੋਂ ਬਾਅਦ ਵੀ ਪੜ੍ਹਾਈ ਅਤੇ ਖਰਚੇ ਲਈ ਲੱਖਾਂ ਰੁਪਏ ਭੇਜੇ ਸਨ।

ਕੁਲਵਿੰਦਰ ਕੌਰ ਨੇ 26 ਦਸੰਬਰ 2024 ਨੂੰ ਕੈਨੇਡਾ ਵਿਚ ਇੱਕ ਬੇਟੀ ਏਕਨੂਰ ਨੂੰ ਜਨਮ ਦਿੱਤਾ ਤੇ ਬਾਅਦ ‘ਚ ਉਹ ਭਾਰਤ ਵੀ ਆਈ ਸੀ। 16 ਦਸੰਬਰ 2025 ਨੂੰ ਕੁਲਵਿੰਦਰ ਕੌਰ ਨੇ ਮੇਰੇ ਲੜਕੇ ਅਮਰਜੀਤ ਸਿੰਘ ਨੂੰ ਫ਼ੋਨ ਕਰਕੇ ਕਿਹਾ ਕਿ ਮੈਂ ਤੇਰਾ ਕੈਨੇਡਾ ਦਾ ਕੰਮ ਨਹੀਂ ਬਣਾਉਣਾ ਅਤੇ ਮੈਨੂੰ ਤਲਾਕ ਚਾਹੀਦਾ ਹੈ। ਜਿਸ ਤੋਂ ਪ੍ਰੇਸ਼ਾਨ ਹੋ ਕੇ ਅਮਰਜੀਤ ਨੇ ਫਾਹਾ ਲਗਾ ਲਿਆ।

ਕਿਸ਼ਨ ਸਿੰਘ ਦੇ ਬਿਆਨਾਂ ‘ਤੇ ਗੜ੍ਹਸ਼ੰਕਰ ਪੁਲਿਸ ਨੇ ਮ੍ਰਿਤਕ ਦੀ ਸੱਸ ਕੁਲਜੀਤ ਕੌਰ, ਸਾਲਾ ਲਖਵਿੰਦਰ ਸਿੰਘ ਨਿਵਾਸੀ ਗੋਂਦ ਪੁਰ ਜੈ ਚੰਦ ਥਾਣਾ ਟਾਹਲੀ ਵਾਲ, ਸੁਰਿੰਦਰ ਸਿੰਘ ਨਿਵਾਸੀ ਗੜ੍ਹੀ ਮੰਟੋ ਥਾਣਾ ਗੜ੍ਹਸ਼ੰਕਰ ਅਤੇ ਕੁਲਵਿੰਦਰ ਕੌਰ ਦੇ ਵਿਰੁੱਧ ਧਾਰਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

By Rajeev Sharma

Leave a Reply

Your email address will not be published. Required fields are marked *