ਡਰੋਨ ਹਮਲੇ ‘ਚ ਜ਼ਖ਼ਮੀ ਔਰਤ ਦੀ ਮੌਤ: ਮੁੱਖ ਮੰਤਰੀ ਵੱਲੋਂ 5 ਲੱਖ ਤੇ MP ਸੰਜੀਵ ਅਰੋੜਾ ਵੱਲੋਂ 2 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਸਵੇਰੇ ਪਾਕਿਸਤਾਨੀ ਡਰੋਨ ਹਮਲੇ ਦੌਰਾਨ ਜ਼ਖ਼ਮੀ ਹੋਈ ਅਤੇ ਫਿਰੋਜ਼ਪੁਰ ਦੇ ਪਿੰਡ ਖਾਈ ਕੇ ਦੀ ਵਸਨੀਕ ਸੁਖਵਿੰਦਰ ਕੌਰ ਦੀ ਮੌਤ ‘ਤੇ ਗਹਿਰੀ ਸੰਵੇਦਨਾ ਪ੍ਰਗਟਾਈ। ਮੁੱਖ ਮੰਤਰੀ ਨੇ ਸੁਖਵਿੰਦਰ ਕੌਰ ਦੇ ਪਰਿਵਾਰ ਲਈ ਮੁੱਖ ਮੰਤਰੀ ਰਾਹਤ ਫੰਡ ਵੱਲੋਂ 5 ਲੱਖ ਰੁਪਏ ਦੀ ਐਕਸ-ਗ੍ਰੇਸ਼ਿਆ ਰਾਸ਼ੀ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਇਸ ਦੁਖਦਾਈ ਸਮੇਂ ‘ਚ ਸਰਕਾਰ ਉਸ ਦੇ ਪਰਿਵਾਰ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਇਸ ਵੱਡੇ ਘਾਟੇ ਤੋਂ ਉਭਾਰਨ ਲਈ ਹਰ ਸੰਭਵ ਮਦਦ ਦਿੱਤੀ ਜਾਵੇਗੀ।

ਰਾਜ ਸਭਾ ਦੇ ਮੈਂਬਰ ਸੰਜੀਵ ਅਰੋੜਾ ਨੇ ਵੀ ਵਿੱਤੀ ਮਦਦ ਦਿੰਦੇ ਹੋਏ ਸੁਖਵਿੰਦਰ ਕੌਰ ਦੇ ਪਰਿਵਾਰ ਲਈ 2 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ, ਤਾਂ ਜੋ ਇਸ ਮੁਸ਼ਕਲ ਸਮੇਂ ‘ਚ ਉਹਨਾਂ ਦੀ ਕੁਝ ਸਹਾਇਤਾ ਕੀਤੀ ਜਾ ਸਕੇ।

ਸੁਖਵਿੰਦਰ ਕੌਰ ਅਤੇ ਉਸ ਦੇ ਪਤੀ ਲਖਵਿੰਦਰ ਸਿੰਘ ਪਾਕਿਸਤਾਨੀ ਡਰੋਨ ਹਮਲੇ ‘ਚ ਜ਼ਖ਼ਮੀ ਹੋ ਗਏ ਸਨ ਅਤੇ ਦੋਹਾਂ ਦਾ ਇਲਾਜ ਲੁਧਿਆਣਾ ਦੇ ਡੇਅਨੰਦ ਮੈਡੀਕਲ ਕਾਲਜ ਤੇ ਹਸਪਤਾਲ (DMCH) ‘ਚ ਚੱਲ ਰਿਹਾ ਸੀ। ਕੌਰ ਨੂੰ ਸਰੀਰ ‘ਤੇ ਸਾੜਾਂ ਵਾਲੀਆਂ ਗੰਭੀਰ ਚੋਟਾਂ ਲੱਗੀਆਂ ਸਨ ਅਤੇ ਹਾਦਸੇ ਤੋਂ ਬਾਅਦੋਂ ਲਗਾਤਾਰ ਨਾਜੁਕ ਹਾਲਤ ‘ਚ ਰਹੀ। ਹਾਲਾਂਕਿ ਡਾਕਟਰਾਂ ਦੀ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਮੰਗਲਵਾਰ ਸਵੇਰੇ ਜ਼ਿੰਦਗੀ ਦੀ ਜੰਗ ਹਾਰ ਗਈ। ਉਸ ਦੇ ਪਤੀ ਲਖਵਿੰਦਰ ਸਿੰਘ, ਜਿਸ ਨੂੰ ਵੀ ਸਾੜਾਂ ਵਾਲੀਆਂ ਚੋਟਾਂ ਲੱਗੀਆਂ ਹਨ, ਹਾਲੇ ਵੀ ਇਲਾਜ ਅਧੀਨ ਹੈ।

By Gurpreet Singh

Leave a Reply

Your email address will not be published. Required fields are marked *