ਜ਼ਮੀਨੀ ਵਿਵਾਦ ਦੇ ਚੱਲਦਿਆਂ ਔਰਤ ਨੇ ਚੁੱਕਿਆ ਖੌਫ਼ਨਾਕ ਕਦਮ

ਨੈਸ਼ਨਲ ਟਾਈਮਜ਼ ਬਿਊਰੋ :- ਔਰਤ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਘੁਮਾਣ ਦੇ ਏ. ਐੱਸ. ਆਈ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਪਵਨਦੀਪ ਕੌਰ ਪੁੱਤਰੀ ਰਜਿੰਦਰਪਾਲ ਸਿੰਘ ਵਾਸੀ ਪਿੰਡ ਮਾੜੀ ਟਾਂਡਾ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਔਰਤ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੁਝ ਵਿਅਕਤੀਆਂ ਵੱਲੋਂ ਸਾਡੀ ਜ਼ਮੀਨ ਦੀ ਮਿਣਤੀ ਕਰ ਕੇ ਧੱਕੇ ਨਾਲ ਵੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਦੀ ਮਾਤਾ ਲਖਵਿੰਦਰ ਕੌਰ ਨੇ ਜਦੋਂ ਉਕਤ ਵਿਅਕਤੀਆਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਉਸ ਦੀ ਮਾਤਾ ਨਾਲ ਗਾਲੀ-ਗਲੋਚ ਕੀਤੀ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਉਸ ਦੀ ਮਾਤਾ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ। ਉਨ੍ਹਾਂ ਕਿਹਾ ਕਿ 27 ਮਈ ਨੂੰ ਉਕਤ ਵਿਅਕਤੀਆਂ ਵੱਲੋਂ ਦੋਬਾਰਾ ਉਸ ਦੀ ਮਾਤਾ ਨਾਲ ਗਾਲੀ-ਗਲੋਚ ਕੀਤੀ ਗਈ, ਜਿਸ ਤੋਂ ਦੁਖੀ ਹੋ ਕੇ ਉਸ ਦੀ ਮਾਤਾ ਨੇ ਜ਼ਹਿਰੀਲੀ ਦਵਾਈ ਖਾ ਲਈ।

ਪਵਨਦੀਪ ਕੌਰ ਨੇ ਕਿਹਾ ਕਿ ਉਸ ਦੇ ਪਿਤਾ ਰਜਿੰਦਰਪਾਲ ਸਿੰਘ ਨੇ ਉਸ ਦੀ ਮਾਤਾ ਲਖਵਿੰਦਰ ਕੌਰ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਏ. ਐੱਸ. ਆਈ. ਪ੍ਰਭਜੋਤ ਸਿੰਘ ਨੇ ਕਿਹਾ ਕਿ ਪੁਲਸ ਨੇ ਪਵਨਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ 3 ਔਰਤਾਂ ਸਮੇਤ 5 ਲੋਕਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

By Gurpreet Singh

Leave a Reply

Your email address will not be published. Required fields are marked *