ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਨੂੰ ਜ਼ੈਲੰਸਕੀ ਨੇ ਆਪਣੀ ਸਲਾਹਕਾਰ ਐਲਾਨਿਆ

ਨੈਸ਼ਨਲ ਟਾਈਮਜ਼ ਬਿਊਰੋ :- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੰਸਕੀ ਨੇ ਅੱਜ ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਆਪਣੀ ਆਰਥਿਕ ਵਿਕਾਸ ਸਲਾਹਕਾਰ ਥਾਪਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਥੋੜੀ ਦੇਰ ਬਾਅਦ ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡਾ ਦੀ ਸੰਸਦ ਮੈਬਰੀ ਤੋਂ ਅਸਤੀਫੇ ਦਾ ਐਲਾਨ ਕਰਕੇ ਜੈਲੰਸਕੀ ਦੇ ਫੈਸਲੇ ’ਤੇ ਮੋਹਰ ਲਾ ਦਿੱਤੀ। ਕ੍ਰਿਸਟੀਆ ਜਸਟਿਨ ਟਰੂਡੋ ਸਰਕਾਰ ਸਮੇਂ ਉਪ ਪ੍ਰਧਾਨ ਮੰਤਰੀ ਵਜੋਂ ਵਿੱਚ ਮੰਤਰਾਲਾ ਸੰਭਾਲਦੀ  ਸੀ।

ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਉਸ ਨੂੰ ਕੁੱਝ ਮਹੀਨੇ ਮੰਤਰੀ ਰੱਖਣ ਤੋਂ ਬਾਅਦ ਸਤੰਬਰ ਮਹੀਨੇ ਯੂਕਰੇਨ ਦੀ ਮੁੜ ਉਸਾਰੀ ਵਿਚ ਯੋਗਦਾਨ ਲਈ ਕੈਨੇਡਾ ਦੀ ਪ੍ਰਤੀਨਿੱਧੀ ਵਜੋਂ ਭੇਜਿਆ ਸੀ। ਟਰੂਡੋ ਸਰਕਾਰ ਵਿੱਚ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਦਿਆਂ ਯੂਕਰੇਨ ਨੂੰ ਮਦਦ ਦੇ ‘ਖੁੱਲੇ ਗੱਫਿਆਂ’ ਮੌਕੇ ਉਸ ਦੀ ਦਰਿਆ ਦਿਲੀ ਤੇ ਨੁਕਤਾਚੀਨੀ ਹੁੰਦੀ ਰਹੀ ਸੀ।

ਜ਼ੈਲੰਸਕੀ ਵੱਲੋਂ ਉਸ ਦੀ ਨਿਯੁਕਤੀ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਕ੍ਰਿਸਟੀਆ ਫਰੀਲੈਂਡ ਵਲੋਂ ਐਕਸ ਪੋਸਟ ਰਾਹੀਂ ਉਕਤ ਨਿਯੁਕਤੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਹ ਅਗਲੇ ਦਿਨਾਂ ’ਚ ਆਪਣੀ ਪਾਰਲੀਮੈਂਟ ਮੈਬਰੀ ਤੋਂ ਅਸਤੀਫ਼ਾ ਦੇਵੇਗੀ। ਬੀਤੇ ਸਾਲ 29 ਅਪਰੈਲ ਨੂੰ ਹੋਈਆਂ ਸੰਸਦੀ ਚੋਣਾਂ ਮੌਕੇ ਉਸ ਨੇ ਟਰਾਂਟੋ ਵਿਚਲੇ ਰੋਜ਼ਡੇਲ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਜਿੱਤੀ ਸੀ।

ਉਸ ਦੇ ਅਸਤੀਫੇ ਨਾਲ ਬਹੁਮਤ ਦੇ ਨੇੜੇ ਪਹੁੰਚੀ ਮਾਰਕ ਕਾਰਨੀ ਸਰਕਾਰ ਦੇ ਮੈਂਬਰਾਂ ਦਾ ਅੰਕੜਾ ਇੱਕ ਹੋਰ ਘਟ ਹੋ ਜਾਵੇਗਾ। 342 ਮੈਂਬਰੀ ਸੰਸਦ ਵਿੱਚ ਇਸ ਵੇਲੇ ਲਿਬਰਲ ਪਾਰਟੀ ਦੇ 171 ਮੈਂਬਰ ਹਨ ਤੇ ਬਹੁਮਤ ਲਈ ਉਸਨੂੰ ਇੱਕ ਮੈਂਬਰ ਦੀ ਲੋੜ ਹੈ।

By Rajeev Sharma

Leave a Reply

Your email address will not be published. Required fields are marked *