7 ਕਰੋੜ ਦੀ ਠੱਗੀ ਦਾ ਮਾਮਲਾ: ਕਾਰੋਬਾਰੀ ਨੂੰ ਡਿਜੀਟਲ ਅਰੈਸਟ ਦਾ ਡਰ ਦਿਖਾ ਕੇ ਲੁੱਟਣ ਵਾਲਾ ਮੁਲਜ਼ਮ ਯੂ.ਪੀ. ਤੋਂ ਕਾਬੂ

ਲੁਧਿਆਣਾ : ਮਹਾਨਗਰ ਦੇ ਇਕ ਨਾਮੀ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਦਾ ਡਰ ਦਿਖਾ ਕੇ ਕਰੀਬ 7 ਕਰੋੜ ਰੁਪਏ ਦੀ ਮੋਟੀ ਰਕਮ ਠੱਗਣ ਵਾਲੇ ਗਿਰੋਹ ਦੇ ਇਕ ਮੁੱਖ ਮੈਂਬਰ ਨੂੰ ਲੁਧਿਆਣਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਸਾਈਬਰ ਸੈੱਲ ਦੀ ਟੀਮ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਲਜ਼ਮ ਅਰਪਿਤ ਰਾਠੌਰ ਨੂੰ ਕੇਂਦਰੀ ਜੇਲ ਕਪੂਰਥਲਾ ਤੋਂ ਪ੍ਰੋਡਕਸ਼ਨ ਵਾਰੰਟ ਲੈ ਕੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਾਰੋਬਾਰੀ ਨੂੰ ਕਾਨੂੰਨੀ ਉਲਝਣਾਂ ਅਤੇ ਗ੍ਰਿਫਤਾਰੀ ਦਾ ਅਜਿਹਾ ਡਰ ਦਿਖਾਇਆ ਕਿ ਪੀੜਤ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਇਨ੍ਹਾਂ ਸ਼ਾਤਰ ਠੱਗਾਂ ਦੇ ਹਵਾਲੇ ਕਰ ਦਿੱਤੀ। ਪੁਲਸ ਹੁਣ ਇਸ ਮਾਮਲੇ ਦੇ ਹੋਰਨਾਂ ਮੁਲਜ਼ਮਾਂ ਦੀ ਭਾਲ ਵਿਚ ਜੁਟੀ ਹੈ ਅਤੇ ਡਿਜੀਟਲ ਸਬੂਤਾਂ ਦੀ ਚੈਕਿੰਗ ਕਰ ਰਹੀ ਹੈ।

ਜਾਣਕਾਰੀ ਦਿੰਦੇ ਏ. ਸੀ. ਪੀ. ਮੁਰਾਦ ਜਸਵੀਰ ਸਿੰਘ ਅਤੇ ਇੰਸਪੈਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਇਹ ਪੂਰਾ ਮਾਮਲਾ ਸਾਲ 2024 ਨਾਲ ਜੁੜਿਆ ਹੈ ਜਿਸ ਵਿਚ ਠੱਗਾਂ ਨੇ ਕਾਰੋਬਾਰੀ ਨੂੰ ਇਹ ਯਕੀਨ ਦਿਵਾਇਆ ਸੀ ਕਿ ਉਹ ਕਿਸੇ ਵੱਡੇ ਅਪਰਾਧ ਵਿਚ ਸ਼ਾਮਲ ਹਨ ਅਤੇ ਉਸ ਨੂੰ ਬਚਾਉਣ ਦੇ ਨਾਮ ’ਤੇ ਕਰੋੜਾਂ ਰੁਪਏ ਦਾ ਚੂਨਾ ਲਗਾ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਪੁਲਸ ਨੇ ਕਈ ਹੋਰ ਮੁਲਜ਼ਮਾਂ ਨੂੰ ਪਹਿਲਾਂ ਹੀ ਫੜ ਲਿਆ ਸੀ। ਹੁਣ ਪੁਲਸ ਮੁਲ਼ਜਮ ਅਰਪਿਤ ਰਾਠੌਰ ਨੂੰ ਲੈ ਕੇ ਆਈ ਹੈ ਜੋ ਕਿ ਕਪੂਰਥਲਾ ਜੇਲ ਵਿਚ ਬੰਦ ਸੀ। ਸਾਈਬਰ ਸੈੱਲ ਦੇ ਅਧਿਕਾਰੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਕਿ ਆਖਿਰ ਇਸ ਠੱਗੀ ਦੇ ਤਾਰ ਹੋਰ ਕਿੱਥੇ ਕਿੱਥੇ ਜੁੜੇ ਹੋਏ ਹਨ। ਪੁਲਸ ਅਧਿਕਾਰੀਆਂ ਨੇ ਆਮ ਜਨਤਾ ਨੂੰ ਚੌਕਸ ਰਹਿਣ ਦੀ ਖਾਸ ਅਪੀਲ ਜਾਰੀ ਕੀਤੀ।

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿਜ਼ੀਟਲ ਅਰੈਸਟ ਵਰਗੀ ਕੋਈ ਵੀ ਕਾਨੂੰਨੀ ਵਿਵਸਥਾ ਨਹੀਂ ਹੈ ਅਤੇ ਸਰਕਾਰੀ ਏਜੰਸੀਆਂ ਕਦੇ ਵੀ ਵੀਡੀਓ ਕਾਲ ਦੇ ਜ਼ਰੀਏ ਕਿਸੇ ਨੂੰ ਗ੍ਰਿਫਤਾਰ ਜਾਂ ਡਰਾਉਂਦੀਆਂ ਨਹੀਂ ਹਨ।ਉਹ ਘਬਰਾਉਣ ਦੀ ਬਜਾਏ ਤੁਰੰਤ ਸਾਇਬਰ ਕ੍ਰਾਇਮ ਹੈਲਪਲਾਈਨ ਨੰਬਰ 1930 ’ਤੇ ਸੂਚਨਾ ਦੇਣ ਜਾਂ ਆਪਣੇ ਨੇੜੇ ਦੇ ਪੁਲਸ ਥਾਣੇ ਨਾਲ ਸੰਪਰਕ ਕਰਨ।

By Gurpreet Singh

Leave a Reply

Your email address will not be published. Required fields are marked *