ਚੰਡੀਗੜ੍ਹ (ਗੁਰਪੀਤ ਸਿੰਘ): ਸਰਕਾਰੀ ਕਾਲਜਾਂ ਨੂੰ ਖੂਨ ਪਸੀਨੇ ਨਾਲ ਸਿੰਜਣ ਵਾਲੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਦਾਅ ਤੇ ਲੱਗੀ ਹੋਈ ਹੈ। ਜਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸਰਕਾਰੀ ਕਾਲਜਾ ਵਿੱਚ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਪੰਜਾਬ ਸਰਕਾਰ ਸਾਰ ਨਹੀਂ ਲਿਤੀ ਜਾ ਰਹੀ ਜਿਸ ਕਰਕੇ ਗੈਸਟ ਪ੍ਰੋਫੈਸਰ ਤਿੱਖਾ ਸੰਘਰਸ਼ ਕਰਨ ਦੇ ਰੋਅ ਵਿੱਚ ਹਨ। ਗੈਸਟ ਫੈਕਲਟੀ ਸੰਯੁਕਤ ਫਰੰਟ ਸਰਕਾਰੀ ਕਾਲਜ ਪੰਜਾਬ ਦੇ ਆਗੂ ਡਾ. ਰਾਵਿੰਦਰ ਸਿੰਘ, ਪ੍ਰੋ. ਗੁਰਸੇਵ ਸਿੰਘ, ਪ੍ਰੋ. ਗੁਰਜੀਤ ਸਿੰਘ, ਡਾ. ਪਰਮਜੀਤ ਸਿੰਘ ਅਤੇ ਪ੍ਰੋ. ਮੁਹੰਮਦ ਤਨਵੀਰ ਨੇ ਦੱਸਿਆ ਕਿ ਉਚੇਰੀ ਸਿਖਿਆ ਵਿਭਾਗ ਵੱਲੋਂ ਉਨ੍ਹਾਂ ਦੀਆਂ ਅਸਾਮੀਆਂ ਨੂੰ ਖਾਲੀ ਦਿਖਾ ਦਿੱਤਾ ਗਿਆ ਹੈ ਜਦੋਂ ਕਿ ਉਹ ਕਈ ਸਾਲਾਂ ਤੋਂ ਮੰਜੂਰਸ਼ੁਦਾ ਅਸਾਮੀਆਂ ਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਅਨੇਕਾਂ ਅਕਾਦਮਿਕ ਅਤੇ ਪ੍ਰਸ਼ਾਸ਼ਨਿਕ ਜਿੰਮੇਦਾਰੀਆਂ ਤਨਦੇਹੀ ਨਾਲ ਨਿਭਾ ਰਹੇ ਹਨ।
ਫਰੰਟ ਆਗੂਆ ਵਲੋਂ ਦੱਸਿਆ ਗਿਆ ਕਿ ਗੈਸਟ ਫੈਕਲਟੀ ਸਰਕਾਰੀ ਕਾਲਜਾਂ ਵਿੱਚ ਉਸ ਵੇਲੇ ਤੋਂ ਸੇਵਾਵਾਂ ਨਿਭਾਅ ਰਹੇ ਹਨ ਜਦੋਂ ਨਿਗੂਣੀਆਂ ਤਨਖਾਹਾਂ ਕਾਰਨ ਇਨ੍ਹਾਂ ਕਾਲਜਾਂ ਵੱਲ ਕੋਈ ਮੂੰਹ ਨਹੀਂ ਸੀ ਕਰਦਾ। ਉਨ੍ਹਾਂ ਦੱਸਿਆ ਕਿ ਬੁਹਤ ਸਾਰੇ ਗੈਸਟ ਫੈਕਲਟੀ ਸਹਾਇਕ ਪ੍ਰੋਫਸਰ ਸਰਕਾਰੀ ਨੌਕਰੀ ਲੱਗਣ ਦੀ ਉਮਰ ਹੱਦ ਵੀ ਲੰਘਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਮਹੀਨੇ ਪਹਿਲਾਂ ਫਰੰਟ ਦੇ ਵਫਦ ਨਾਲ ਮੁਖ ਸਕਤਰੇਤ ਚੰਡੀਗੜ੍ਹ ਵਿਖੇ ਹਰਜੋਤ ਸਿੰਘ ਬੈਂਸ ਸਿਖਿਆ ਮੰਤਰੀ ਪੰਜਾਬ ਨਾਲ ਹੋਈ ਇਕੱਤਰਤਾ ਵਿੱਚ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਨੂੰ ਨਿਯਮਤ ਕਰਨ ਸਬੰਧੀ ਜਲਦ ਕੋਈ ਪਾਲਿਸੀ ਬਣਾਈ ਜਾਵੇਗੀ ਪਰ ਹਾਲੇ ਤੱਕ ਇਹ ਵਫਾ ਨਹੀਂ ਹੋਇਆ।
ਉਨ੍ਹਾਂ ਦਸਿੱਆ ਕਿ 25 ਜਨਵਰੀ ਨੂੰ ਗੰਭੀਰਪੁਰ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਪਹਿਲਾ 4 ਅਤੇ ਫਿਰ 7 ਫਰਵਰੀ ਦੀ ਪੈਨਲ ਮੀਟਿੰਗ ਦਿੱਤੀ ਗਈ ਸੀ ਅਤੇ ਹੁਣ ਇਹ ਕਹਿ ਦਿੱਤਾ ਗਿਆ ਹੈ ਕਿ ਮੰਤਰੀ ਸਾਹਬ ਹਾਲੇ ਵੀ ਦਿੱਲੀ ਬਿਰਾਜਮਾਨ ਹਨ।ਆਗੂਆਂ ਨੇ ਉਚੇਰੀ ਸਿਖਿਆ ਮੰਤਰੀ ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਚੇਰੀ ਸਿਖਿਆ ਵਿਭਾਗ ਉਨ੍ਹਾਂ ਦੀਆਂ ਨੌਕਰੀਆਂ ਤੇ ਦਾਤੀ ਫੇਰ ਰਿਹਾ ਹੈ ਅਤੇ ਸਾਰੀ ਪੰਜਾਬ ਸਰਕਾਰ ਆਪਣਾ ਸੂਬਾ ਛੱਡ ਕੇ ਦਿੱਲੀ ਵਿਖੇ ਆਪ ਸਰਕਾਰ ਨੂੰ ਲਿਆਉਣ ਲਈ ਪੱਬਾਂ ਭਾਰ ਹੋਈ ਬੈਠੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਮਨੀ ਚੌਣਾ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਰੋਡ ਸ਼ੋਅ ਦੌਰਾਨ ਕਈ ਵਾਰ ਮੁਲਾਕਾਤ ਹੋਈ ਅਤੇ ਉਨਾਂ ਇਹ ਵਾਅਦਾ ਵੀ ਕੀਤਾ ਸੀ ਕਿ ਜਲਦ ਉਨ੍ਹਾਂ ਦੀ ਪੈਲਨ ਮੀਟਿੰਗ ਸੱਦੀ ਜਾਵੇਗੀ ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਕੋਈ ਮੀਟਿੰਗ ਦਾ ਸੱਦਾ ਨਹੀਂ ਮਿਲਿਆ।
ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਕਿਸੇ ਦਾ “ਚੁੱਲ੍ਹਾ ਬੁਝਣ ਨਹੀਂ ਦੇਣਗੇ” ਨੂੰ ਅਮਲੀ ਜਾਮਾ ਪਹਿਨਾ ਕੇ ਉਨ੍ਹਾਂ ਦੀ ਨੌਕਰੀ ਨੂੰ ਸੁਰੱਖਿਅਤ ਕਰਕੇ ਸਰਕਾਰੀ ਖਜਾਨੇ ਵਿੱਚੋਂ ਨਵੇਂ ਪੇਅ ਗਰੇਡ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ 795 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਨਿਰਾਸ਼ਾ ਦੇ ਆਲਮ ਵਿੱਚ ਹਨ ਜਿਸ ਕਰਕੇ ਮਜਬੂਰੀਬੱਸ 08 ਫਰਵਰੀ ਨੂੰ ਉਚੇਰੀ ਸਿਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿੱਖੇ ਚੱਕਾ ਜਾਮ ਕਰਨਾ ਪੈ ਰਿਹਾ ਹੈ ਤਾਂ ਜੋ ਸਾਡੀ ਆਵਾਜ ਸਰਕਾਰ ਕੋਲ ਪਹੁੰਚ ਸਕੇ।
ਗੈਸਟ ਫੈਕਲਟੀ ਸੰਯੁਕਤ ਫਰੰਟ ਸਰਕਾਰੀ ਕਾਲਜ ਪੰਜਾਬ ਦੇ ਚੱਕਾ ਜਾਮ ਦੇ ਐਲਾਨ ਨੂੰ ਸਰਕਾਰੀ ਕਾਲਜ ਡੇਰਾ ਬੱਸੀ ਦੇ ਸਮੂਹ ਗੈਸਟ ਫੈਕਲਟੀ ਮੈਂਬਰਾਂ ਵੱਲੋਂ ਸਮਰਥਨ ਦਿੱਤਾ ਗਿਆ ਅਤੇ ਐਲਾਨ ਕੀਤਾ ਗਿਆ ਕਿ ਉਹ 08 ਫ਼ਰਵਰੀ ਨੂੰ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਇਸ ਦੌਰਾਨ ਸਰਕਾਰੀ ਕਾਲਜ ਡੇਰਾ ਬੱਸੀ ਦੇ ਗੈਸਟ ਫੈਕਲਟੀ ਪ੍ਰੋਫੈਸਰ ਰਵਿੰਦਰ ਸਿੰਘ, ਹਰਵਿੰਦਰ ਕੌਰ, ਗੁਰਪ੍ਰੀਤ ਕੌਰ, ਬੋਮਿੰਦਰ ਕੌਰ, ਨੈਨਸੀ, ਮਨਪ੍ਰੀਤ ਕੌਰ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਸੁਸ਼ਮਾ, ਸ਼ਵੇਤਾ ਖਰਬੰਦਾ, ਕਿਰਨਪ੍ਰੀਤ ਕੌਰ ਮੌਜੂਦ ਸਨ।
