ਨੈਸ਼ਨਲ ਟਾਈਮਜ਼ ਬਿਊਰੋ :- ਮਾਰਕੀਟ ਕਮੇਟੀ ਸਰਹਿੰਦ ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਬਾਰੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇਤਾਵਾਂ ਵੱਲੋਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਦੋਂਕਿ ਪਾਰਟੀ ਨੂੰ ਕੋਈ ਖ਼ਤਰਾ ਨਹੀਂ ਅਤੇ ਪੰਜਾਬ ਦੇ ਲੋਕ ‘ਆਪ’ ਸਰਕਾਰ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਲੀ ਚੋਣਾਂ ਵਿੱਚ ਛੇ ਫ਼ੀਸਦੀ ਵੋਟ ਮਿਲੇ ਤੇ ਕੋਈ ਵੀ ਸੀਟ ਨਹੀਂ ਮਿਲੀ ਉਹ ਮਠਿਆਈ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੇ 3 ਵਿਧਾਇਕ ਵੀ ਨਹੀਂ ਰੱਖ ਸਕਿਆ ਇਨ੍ਹਾਂ ਵਿੱਚੋਂ ਇੱਕ ‘ਆਪ’ ਸਰਕਾਰ ਦੇ ਮੁੱਖ ਮੰਤਰੀ ਦਾ ਪ੍ਰਸ਼ੰਸਕ ਹੈ ਜਦੋਂਕਿ ਦੂਜਾ ਇਨ੍ਹਾਂ ਤੋਂ ਬਾਗੀ ਹੈ। ਪੰਜਾਬ ਸਰਕਾਰ ਮੁੱਖ ਮੰਤਰੀ ਦੀ ਅਗਵਾਈ ਹੇਠ ਲੋਕ ਪੱਖੀ ਫੈਸਲਿਆਂ ਨਾਲ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਝੂਠਾ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਬਲਬੀਰ ਸਿੰਘ ਸੋਢੀ ਬਲਾਕ ਪ੍ਰਧਾਨ, ਸੁਲੱਖਣ ਸਿੰਘ ਲੋਹਾ ਖੇੜੀ ਅਤੇ ਪੰਚ ਕੁਲਦੀਪ ਸਿੰਘ ਵੀ ਮੌਜੂਦ ਸਨ।
