ਡੰਕੀ ਰਾਹੀਂ ਕੈਨੇਡਾ ਜਾਣ ਵਾਲੇ ਨੌਜਵਾਨ ਦੀ ਲਾਸ਼ ਭਾਰਤ ਲਿਆਉਣ ਲਈ ਸਾਬਕਾ ਕੌਂਸਲ ਪ੍ਰਧਾਨ ਨੇ ਵਿੱਤੀ ਮਦਦ ਕੀਤੀ

ਨੈਸ਼ਨਲ ਟਾਈਮਜ਼ ਬਿਊਰੋ :- ਪਿੰਡ ਸ਼ੇਖਪੁਰ ਕਲਾਂ ਦੇ 24 ਸਾਲਾਂ ਰਣਦੀਪ ਸਿੰਘ ਦੀ ਡੰਕੀ ਰਾਹੀਂ ਕੈਨੇਡਾ ਜਾਣ ਵੇਲੇ ਬਿਮਾਰੀ ਕਾਰਨ ਰਸਤੇ ਕੰਬੋਡੀਆ ’ਚ ਹੋਈ ਮੌਤ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿੱਤੀ ਮਦਦ ਵੀ ਕੀਤੀ ਗਈ, ਕਿਉਂਕਿ ਰਣਦੀਪ ਸਿੰਘ ਦੀ ਲਾਸ਼ ਭਾਰਤ ਲਿਆਉਣ ਲਈ ਵੀ ਛੇ-ਸੱਤ ਲੱਖ ਦਾ ਖਰਚਾ ਦੱਸਿਆ ਜਾ ਰਿਹਾ ਹੈ। ਪਰਿਵਾਰ ਤਾਂ ਪਹਿਲਾਂ ਹੀ ਪੁੱਤਰ ਨੂੰ ਵਿਦੇਸ਼ ਭੇਜਣ ਵੇਲੇ ਕਰਜ਼ਾਈ ਹੋ ਚੁੱਕਿਆ ਹੈ। ਪਰਿਵਾਰ ਲਈ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣਾ ਬਹੁਤ ਮੁਸ਼ਕਲ ਹੋ ਗਿਆ ਹੈ। ਐਤਵਾਰ ਨੂੰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਰੈਡੀ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਪਣੇ ਵੱਲੋਂ 25 ਹਜ਼ਾਰ ਦੀ ਵਿੱਤੀ ਮਦਦ ਦਿੱਤੀ ਤਾਂ ਜੋ ਰਣਦੀਪ ਸਿੰਘ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾ ਸਕੇ।

ਰੈਡੀ ਨੇ ਦੱਸਿਆ ਕਿ ਪਰਿਵਾਰ ਦੀ ਹਾਲਤ ਬਹੁਤ ਤਰਸਯੋਗ ਹੈ, ਇਕ ਤਾਂ ਪਰਿਵਾਰ ਦਾ ਮੈਂਬਰ ਇਸ ਦੁਨੀਆਂ ਵਿੱਚ ਨਹੀਂ ਰਿਹਾ, ਦੂਸਰਾ ਉਸ ਦੀ ਲਾਸ਼ ਨੂੰ ਲਿਆਉਣ ਲਈ ਵੀ ਜੱਦੋ ਜਹਿਦ ਕਰਨੀ ਪੈ ਰਹੀ ਹੈ। ਰੈਡੀ ਵੱਲੋਂ ਪਰਿਵਾਰ ਨੂੰ ਹੋਰ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਡੇਰਾਬੱਸੀ ਭਾਜਪਾ ਆਗੂ ਸੰਜੀਵ ਖੰਨਾ ਵੱਲੋਂ ਵੀ ਪਰਿਵਾਰ ਨੂੰ 3 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਵਿਦੇਸ਼ ਮੰਤਰਾਲਿਆਂ ਨਾਲ ਗੱਲ ਕਰਕੇ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਲਿਆਉਣਗੇ। ਦੱਸਣਯੋਗ ਹੈ ਕਿ ਐੱਸਪੀ ਓਬਰਾਏ ਲਾਸ਼ ਨੂੰ ਭਾਰਤ ਲਿਆਉਣ ਲਈ ਉਪਰਾਲੇ ਕਰ ਰਹੇ ਹਨ। ਐੱਸਪੀ ਉਬਰਾਏ ਵੱਖ-ਵੱਖ ਦੇਸ਼ਾਂ ਦੇ ਦੁਤਾਵਾਸਾਂ ਨਾਲ ਤਾਲਮੇਲ ਕਰਕੇ ਲਾਸ਼ਾਂ ਭਾਰਤ ਲਿਆਉਣ ਦੀ ਸੇਵਾ ਪ੍ਰਦਾਨ ਕਰਦੇ ਹਨ।

By Gurpreet Singh

Leave a Reply

Your email address will not be published. Required fields are marked *