PM ਮੋਦੀ ਨੇ ਸ਼ੁਰੂ ਕੀਤਾ ‘ਨਸ਼ਾ ਮੁਕਤ ਯੁਵਾ-ਵਿਕਸਿਤ ਭਾਰਤ ਅਭਿਯਾਨ’, 100 ਹਫ਼ਤਿਆਂ ਤੱਕ ਚੱਲੇਗੀ ਮੁਹਿੰਮ

ਚੰਡੀਗੜ੍ਹ, 2 ਅਗਸਤ (ਗੁਰਪ੍ਰੀਤ ਸਿੰਘ) : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਚੁਅਲ ਮਾਧਿਅਮ ਨਾਲ ਰਾਸ਼ਟਰ-ਵਿਆਪੀ ‘ਨਸ਼ਾ ਮੁਕਤ ਯੁਵਾ-ਵਿਕਸਿਤ ਭਾਰਤ ਅਭਿਯਾਨ’ ਦੀ ਸ਼ੁਰੂਆਤ ਕੀਤੀ। ਇਹ 100-ਹਫ਼ਤੇ ਦਾ ਅਭਿਯਾਨ ਨੌਜਵਾਨਾਂ ਨੂੰ ਨਿਰੰਤਰ ਜਨ-ਜਾਗਰੂਕਤਾ, ਸਮੁਦਾਇਕ ਸਹਿਭਾਗਿਤਾ ਅਤੇ ਸਕਾਰਾਤਮਕ ਗਤੀਵਿਧੀਆਂ ਦੇ ਜ਼ਰੀਏ ਨਸ਼ੇ ਦੇ ਵਿਰੁੱਧ ਸੰਗਠਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਟੈਗੋਰ ਥੀਏਟਰ, ਚੰਡੀਗੜ੍ਹ ਤੋਂ ਰਾਸ਼ਟਰੀ ਸ਼ੁਰੂਆਤ ਪ੍ਰੋਗਰਾਮ ਵਿੱਚ ਸਹਿਭਾਗਿਤਾ ਕਰਦੇ ਹੋਏ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਾ ਮੁਕਤ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾਉਣ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ‘ਨਸ਼ਾ ਮੁਕਤ ਯੁਵਾ-ਵਿਕਸਿਤ ਭਾਰਤ ਅਭਿਯਾਨ’ ਕੇਵਲ ਵਿਅਕਤੀਗਤ ਸਿਹਤ ਦਾ ਅਭਿਯਾਨ ਨਹੀਂ, ਬਲਕਿ ਪਰਿਵਾਰ, ਸਮਾਜ ਅਤੇ ਰਾਸ਼ਟਰ ਦੇ ਉੱਜਵਲ ਭਵਿੱਖ ਦਾ ਸੰਕਲਪ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਤੋਂ ਸ਼ੁਰੂ ਹੋਇਆ ਇਹ ਅਭਿਯਾਨ ਅੱਜ 125 ਤੋਂ ਅਧਿਕ ਅਧਿਆਤਮਿਕ ਸੰਗਠਨਾਂ ਅਤੇ ਅਨੇਕ ਗ਼ੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਰਾਸ਼ਟਰੀ ਜਨ-ਅੰਦੋਲਨ ਦਾ ਰੂਪ ਲੈ ਚੁੱਕਿਆ ਹੈ। ਉਨ੍ਹਾਂ ਨੇ ਨਸ਼ਾ ਮੁਕਤੀ ਸਹੁੰ ਚੁੱਕਣ ਵਾਲੇ ਨੌਜਵਾਨਾਂ ਦਾ ਅਭਿਨੰਦਨ ਕਰਦੇ ਹੋਏ ਐਲਾਨ ਕੀਤਾ ਕਿ ਆਗਾਮੀ 100 ਹਫ਼ਤਿਆਂ ਤੱਕ ਹਰ ਐਤਵਾਰ ਵਿਸ਼ੇਸ਼ ਜਨ-ਜਾਗਰੂਕਤਾ ਗਤੀਵਿਧੀਆਂ ਦੇ ਜ਼ਰੀਏ ਇਸ ਅਭਿਯਾਨ ਨੂੰ ਅੱਗੇ ਵਧਾਇਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਸਮਾਜ ਨੂੰ ਨਸ਼ੇ ਦੀ ਲਤ ਤੋਂ ਮੁਕਤ ਹੋ ਰਹੇ ਲੋਕਾਂ ਨੂੰ ਸਹਿਯੋਗ ਦੇਣ ਅਤੇ ਦੂਜਾ ਅਵਸਰ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪਰਿਵਾਰਾਂ ਨੂੰ ਸਮੇਂ ‘ਤੇ ਜ਼ਰੂਰੀ ਦਖਲ ਦੇਣਾ ਸੁਨਿਸ਼ਚਿਤ ਕਰਨ ਅਤੇ ਵਿੱਦਿਅਕ ਸੰਸਥਾਵਾਂ ਨੂੰ ਨਸ਼ਾ ਮੁਕਤੀ ਦੇ ਪ੍ਰਤੀ ਜਾਗਰੂਕਤਾ ਨੂੰ ਹੋਰ ਮਜ਼ਬੂਤ ​​ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨੌਜਵਾਨਾਂ ਦਾ ਸਮੂਹਿਕ ਸੰਕਲਪ ਅਤੇ ਸਰਕਾਰ ਦੇ ਨਿਰੰਤਰ ਪ੍ਰਯਾਸ ਭਾਰਤ ਨੂੰ ਨਸ਼ਾ ਮੁਕਤ ਅਤੇ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਵਿਦਿਆਰਥੀਆਂ, ਵਲੰਟੀਅਰਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਇਸ ਪਹਿਲ ਨੂੰ ਜਨ-ਜਾਗਰੂਕਤਾ ਤੋਂ ਅੱਗੇ ਵਧ ਕੇ ਵਿਕਸਿਤ ਭਾਰਤ-2047 ਦੇ ਲਕਸ਼ ਨੂੰ ਸਾਕਾਰ ਕਰਨ ਹਿਤ ਤੰਦਰੁਸਤ, ਜ਼ਿੰਮੇਦਾਰ ਅਤੇ ਸਸ਼ਕਤ ਯੁਵਾ ਪੀੜ੍ਹੀ ਦੇ ਨਿਰਮਾਣ ਦਾ ਰਾਸ਼ਟਰੀ ਅਭਿਯਾਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਯੁਵਾ ਕੇਵਲ ਦੇਸ਼ ਦਾ ਭਵਿੱਖ ਹੀ ਨਹੀਂ, ਬਲਕਿ ਵਰਤਮਾਨ ਦੀ ਸਭ ਤੋਂ ਬੜੀ ਸ਼ਕਤੀ ਵੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ੇ ਦੇ ਵਿਰੁੱਧ ਇਸ ਲੜਾਈ ਦੀ ਅਗਵਾਈ ਕਰਨ ਅਤੇ ਦੂਜਿਆਂ ਨੂੰ ਵੀ ਤੰਦਰੁਸਤ ਅਤੇ ਅਨੁਸ਼ਾਸਿਤ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ।

ਸ਼੍ਰੀ ਕਟਾਰੀਆ ਨੇ ਉਪਸਥਿਤ ਸਾਰੇ ਪ੍ਰਤੀਭਾਗੀਆਂ ਨੂੰ ਨਸ਼ਾ ਮੁਕਤੀ ਸਹੁੰ ਚੁਕਾਈ ਅਤੇ ਕਿਹਾ ਕਿ ਜੋ ਯੁਵਾ ਖ਼ੁਦ ਨਸ਼ੇ ਤੋਂ ਦੂਰ ਰਹਿੰਦਾ ਹੈ ਅਤੇ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਦਾ ਹੈ, ਉਹ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਪਰਿਵਾਰਾਂ ਨੂੰ ਤੋੜਦਾ ਹੈ, ਸਮਾਜ ਨੂੰ ਕਮਜ਼ੋਰ ਕਰਦਾ ਹੈ ਅਤੇ ਦੇਸ਼ ਦੀ ਯੁਵਾ ਸ਼ਕਤੀ ਨੂੰ ਖੀਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਵਿਰੁੱਧ ਲੜਾਈ ਕੇਵਲ ਕਾਨੂੰਨ ਲਾਗੂ ਕਰਨ ਨਾਲ ਨਹੀਂ ਜਿੱਤੀ ਜਾ ਸਕਦੀ, ਬਲਕਿ ਇਸ ਵਿੱਚ ਪਰਿਵਾਰਾਂ, ਵਿੱਦਿਅਕ ਸੰਸਥਾਵਾਂ, ਧਾਰਮਿਕ ਸੰਗਠਨਾਂ, ਨਾਗਰਿਕ ਸਮਾਜ ਅਤੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ।

ਅਭਿਯਾਨ ਦੇ ਪ੍ਰਤੀ ਉਤਸ਼ਾਹਜਨਕ ਜਨਸਮਰਥਨ ਦਾ ਉਲੇਖ ਕਰਦੇ ਹੋਏ ਰਾਜਪਾਲ ਨੇ ਦੱਸਿਆ ਕਿ ਪੰਜਾਬ ਦੀਆਂ 47 ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਦੇ ਤਿੰਨ ਲੱਖ ਤੋਂ ਅਧਿਕ ਵਿਦਿਆਰਥੀਆਂ ਨੇ ਇਸ ਅਭਿਯਾਨ ਦੇ ਲਾਂਚ ਵਿੱਚ ਹਿੱਸਾ ਲਿਆ, ਜਦਕਿ ਚੰਡੀਗੜ੍ਹ ਦੇ ਲਗਭਗ 60 ਸਥਾਨਾਂ ਤੋਂ ਕਰੀਬ 12,000 ਵਿਦਿਆਰਥੀਆਂ ਅਤੇ ਯੁਵਾ ਵਲੰਟੀਅਰਾਂ ਨੇ ਇਸ ਵਿੱਚ ਸਹਿਭਾਗਿਤਾ ਕੀਤੀ। ਦੇਸ਼ ਭਰ ਵਿੱਚ ਹਜ਼ਾਰਾਂ ਸਥਾਨਾਂ ਤੋਂ ਇੱਕ ਕਰੋੜ ਤੋਂ ਅਧਿਕ ਨੌਜਵਾਨਾਂ ਨੇ ਇਸ ਅਭਿਯਾਨ ਨਾਲ ਜੁੜ ਕੇ ਇਸ ਨੂੰ ਦੇਸ਼ ਦੇ ਸਭ ਤੋਂ ਬੜੇ ਯੁਵਾ-ਅਗਵਾਈ ਵਾਲੇ ਨਸ਼ਾ ਮੁਕਤੀ ਅਭਿਯਾਨਾਂ ਵਿੱਚ ਸ਼ਾਮਲ ਕੀਤਾ ਹੈ।

ਪੰਜਾਬ ਵਿੱਚ ਚਲ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਯਾਨ ਦਾ ਉਲੇਖ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਰਾਜ ਸਰਕਾਰ ਨੇ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਤੇਜ਼ ਕਰਨ ਦੇ ਨਾਲ-ਨਾਲ ਨਸ਼ਾਮੁਕਤੀ, ਪੁਨਰਵਾਸ ਅਤੇ ਜਨ-ਜਾਗਰੂਕਤਾ ਪ੍ਰੋਗਰਾਮਾਂ ਨੂੰ ਵੀ ਸਸ਼ਕਤ ​​ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਰੋਜ਼ਗਾਰ ਸਿਰਜਣਾ, ਕੌਸ਼ਲ ਵਿਕਾਸ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਸਮੁਦਾਇਕ ਸਹਿਭਾਗਿਤਾ ਵੀ ਸਮਾਨ ਤੌਰ ‘ਤੇ ਜ਼ਰੂਰੀ ਹਨ।

ਰਾਜਪਾਲ ਨੇ ਦੱਸਿਆ ਕਿ ਇਹ ਅਭਿਯਾਨ ਲਗਾਤਾਰ 100 ਹਫ਼ਤਿਆਂ ਤੱਕ ਚਲੇਗਾ, ਜਿਸ ਦੇ ਤਹਿਤ ਹਰੇਕ ਐਤਵਾਰ ਨੂੰ ਖੇਡ ਮੁਕਾਬਲੇ, ਯੋਗ ਅਤੇ ਧਿਆਨ ਸੈਸ਼ਨ, ਜਨ-ਜਾਗਰੂਕਤਾ ਅਭਿਯਾਨ, ਸੱਭਿਆਚਾਰਕ ਪ੍ਰੋਗਰਾਮ, ਨੁੱਕੜ ਨਾਟਕ ਅਤੇ ਸਮੁਦਾਇਕ ਸੇਵਾ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ, ਤਾਕਿ ਨੌਜਵਾਨਾਂ ਨੂੰ
ਤੰਦਰੁਸਤ ਜੀਵਨਸ਼ੈਲੀ ਅਪਣਾਉਣ ਅਤੇ ਸਕਾਰਾਤਮਕ ਗਤੀਵਿਧੀਆਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ।

ਉਨ੍ਹਾਂ ਨੇ ਮਾਪਿਆਂ, ਅਧਿਆਪਕਾਂ, ਵਿੱਦਿਅਕ ਸੰਸਥਾਵਾਂ, ਉਦਯੋਗਿਕ ਸੰਗਠਨਾਂ, ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਧਾਰਮਿਕ ਸੰਗਠਨਾਂ ਨੂੰ ਅਭਿਯਾਨ ਵਿੱਚ ਸਰਗਰਮ ਸਹਿਯੋਗ ਦੇਣ ਕਰਨ ਅਤੇ ਨੌਜਵਾਨਾਂ ਨੂੰ ਸਿੱਖਿਆ, ਕੌਸ਼ਲ ਵਿਕਾਸ, ਉੱਦਮਤਾ ਅਤੇ ਖੇਡਾਂ ਦੇ ਬਿਹਤਰ ਅਵਸਰ ਉਪਲਬਧ ਕਰਵਾਉਣ ਦੀ ਅਪੀਲ ਕੀਤੀ। ਸ਼੍ਰੀ ਕਟਾਰੀਆ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਦੇਸ਼ ਦੇ ਕਰੋੜਾਂ ਨੌਜਵਾਨਾਂ ਦਾ ਸਮੂਹਿਕ ਸੰਕਲਪ ਤੰਦਰੁਸਤ, ਨਸ਼ਾ ਮੁਕਤ ਸਮਾਜ ਦੇ ਨਿਰਮਾਣ ਅਤੇ ਵਰ੍ਹੇ 2047 ਤੱਕ ਵਿਕਸਿਤ ਭਾਰਤ ਦੇ ਲਕਸ਼ ਦੀ ਪ੍ਰਾਪਤੀ ਵਿੱਚ ਨਿਰਣਾਇਕ ਭੂਮਿਕਾ ਨਿਭਾਏਗਾ।

ਇਸ ਅਵਸਰ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ; ਯੂ.ਟੀ. ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਵ੍ ਪੁਲਿਸ, ਡਾ. ਸਾਗਰ ਪ੍ਰੀਤ ਹੁੱਡਾ, ਆਈਪੀਐੱਸ; ਸਿੱਖਿਆ
ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ,ਆਈਏਐੱਸ; ਸ਼੍ਰੀ ਲਲਿਤ ਜੈਨ, ਆਈਏਐੱਸ; ਡਾਇਰੈਕਟਰ ਸਪੋਰਟਸ ਸ਼੍ਰੀ ਸੌਰਭ ਕੁਮਾਰ ਅਰੋੜਾ; ਸਟੇਟ ਡਾਇਰੈਕਟਰ, ਮੇਰਾ ਯੁਵਾ ਭਾਰਤ ਪੰਜਾਬ ਸੁਸ਼੍ਰੀ ਰਸ਼ਮੀਤ ਕੌਰ;
ਜ਼ਿਲ੍ਹਾ ਯੁਵਾ ਅਧਿਕਾਰੀ, ਮੇਰਾ ਯੁਵਾ ਭਾਰਤ ਚੰਡੀਗੜ੍ਹ ਸ਼੍ਰੀ ਵਿਨੈ ਕੁਮਾਰ; ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀ, ਐੱਨਐੱਸਐੱਸ ਵਲੰਟੀਅਰ, ਸਿਵਲ ਡਿਫੈਂਸ ਵਲੰਟੀਅਰ ਅਤੇ ਸਿਵਲ ਸੋਸਾਇਟੀ ਦੇ ਮੈਂਬਰ ਉਪਸਥਿਤ ਸਨ।

By Gurpreet Singh

Leave a Reply

Your email address will not be published. Required fields are marked *