ਪੰਜਾਬ ਦੀ ਸਰਹੱਦ ਕੀਤੀ ਗਈ ਸੀਲ ! ਵੱਡੀ ਗਿਣਤੀ ‘ਚ ਪੁਲਸ ਤਾਇਨਾਤ

ਬਠਿੰਡਾ (ਵਰਮਾ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਠਿੰਡਾ ਪੁਲਸ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸ ਸਿਲਸਿਲੇ ’ਚ ਪੰਜਾਬ-ਹਰਿਆਣਾ ਸਰਹੱਦ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਐੱਸ. ਐੱਸ. ਪੀ. ਅਮਨੀਤ ਕੌਂਡਲ ਦੇ ਹੁਕਮਾਂ ’ਤੇ ਬਠਿੰਡਾ ਪੁਲਸ ਨੇ ਸ਼ੁੱਕਰਵਾਰ ਨੂੰ 8 ਅੰਤਰਰਾਜੀ ਨਾਕੇ ਲਗਾ ਕੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਥਾਣਾ ਰਾਮਾਂ ਇਲਾਕੇ ਵਿਚ ਚਾਰ, ਜਦੋਂ ਕਿ ਥਾਣਾ ਤਲਵੰਡੀ ਸਾਬੋ ਅਤੇ ਥਾਣਾ ਸੰਗਤ ਅਧੀਨ ਪੈਂਦੇ ਡੂੰਮਵਾਲੀ ਖੇਤਰ ਵਿਚ ਵੀ ਚੈਕਿੰਗ ਮੁਹਿੰਮ ਚਲਾਈ ਗਈ। ਪੁਲਸ ਦਾ ਮੁੱਖ ਉਦੇਸ਼ ਨਸ਼ਾ ਸਮੱਗਲਿੰਗ ਨੂੰ ਪੂਰੀ ਤਰ੍ਹਾਂ ਰੋਕਣਾ ਹੈ।

ਹਰਿਆਣਾ-ਰਾਜਸਥਾਨ ਤੋਂ ਨਸ਼ੇ ਪੰਜਾਬ ਆ ਰਹੇ। ਤਲਵੰਡੀ ਸਾਬੋ, ਸੰਗਤ ਮੰਡੀ ਅਤੇ ਰਾਮਾਂ ਮੰਡੀ ਦੇ ਇਲਾਕੇ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਹੋਣ ਕਾਰਨ ਨਸ਼ਾ ਸਮੱਗਲਰਾਂ ਦੇ ਨਿਸ਼ਾਨੇ ’ਤੇ ਹਨ। ਨਸ਼ਾ ਸਮੱਗਲਰ ਅਕਸਰ ਹੀ ਹਰਿਆਣਾ ਅਤੇ ਰਾਜਸਥਾਨ ਤੋਂ ਪੰਜਾਬ ਨੂੰ ਨਸ਼ੇ ਵਾਲੇ ਪਦਾਰਥ ਸਪਲਾਈ ਕਰਦੇ ਹਨ। ਇਸ ਦੇ ਮੱਦੇਨਜ਼ਰ ਪੁਲਸ ਨੇ ਇਨ੍ਹਾਂ ਇਲਾਕਿਆਂ ਵਿਚ ਸੁਰੱਖਿਆ ਵਧਾ ਦਿੱਤੀ ਹੈ।

ਡੀ.ਐੱਸ.ਪੀ. ਮਨਮੋਹਨ ਸਰਨਾ ਨੇ ਦੱਸਿਆ ਕਿ ਪੁਲਸ ਅੰਤਰਰਾਜੀ ਨਾਕੇ ਲਗਾ ਕੇ ਨਸ਼ਾ ਸਮੱਗਲਿੰਗ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਕਿਆਂ ’ਤੇ ਨਾ ਸਿਰਫ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ, ਸਗੋਂ ਸਥਾਨਕ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਮੁਹਿੰਮ ਜਾਰੀ ਰਹੇਗੀ ਅਤੇ ਨਸ਼ਾ ਸਮੱਗਲਰਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *