ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਚ ਵੱਡਾ ਸਿਆਸੀ ਭੁਚਾਲ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਲੋਂ ਲਿਆ ਗਿਆ ਹੈ, ਪਰ ਇਸ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਮੰਨੀ ਜਾ ਰਹੀ ਹੈ। ਇਹ ਫ਼ੈਸਲਾ ਕੇਵਲ ਰਾਜਨੀਤੀ ਤੱਕ ਸੀਮਿਤ ਨਹੀਂ ਰਿਹਾ, ਸਗੋਂ ਪੰਥਕ ਪੱਖ ਤੋਂ ਵੀ ਇਹ ਇਕ ਵੱਡਾ ਮੁੱਦਾ ਬਣ ਗਿਆ ਹੈ। ਅਕਾਲ ਤਖ਼ਤ ਨਾਲ ਇਹ ਟਕਰਾਅ ਸ਼੍ਰੋਮਣੀ ਅਕਾਲੀ ਦਲ ਲਈ ਕਿੰਨਾ ਘਾਤਕ ਹੋ ਸਕਦਾ ਹੈ, ਇਹ ਗੱਲ ਹੁਣ ਜ਼ੋਰ ਫੜ੍ਹ ਰਹੀ ਹੈ। ਵਿਰੋਧੀ ਆਗੂ ਤੇ ਅਕਾਲੀ ਦਲ ਦੇ ਅੰਦਰਲੇ ਲੋਕ ਵੀ ਹੁਣ ਇਸ ਵਿਵਾਦ ਨੂੰ ਲੈ ਕੇ ਬਾਦਲ ਪਰਿਵਾਰ ਤੇ ਨਿਸ਼ਾਨੇ ਸਾਧ ਰਹੇ ਹਨ।
SGPC ਤੇ ਉੱਠ ਰਹੇ ਕਈ ਸਵਾਲ
SGPC ਦੀ ਆਜ਼ਾਦੀ ਤੇ ਨਿਰਪੱਖਤਾ ਉੱਤੇ ਪਹਿਲਾਂ ਵੀ ਕਈ ਵਾਰ ਸਵਾਲ ਉੱਠੇ ਹਨ, ਪਰ ਜਥੇਦਾਰ ਨੂੰ ਹਟਾਉਣ ਦੇ ਫ਼ੈਸਲੇ ਨੇ ਇਹ ਮਾਮਲਾ ਹੋਰ ਗੰਭੀਰ ਬਣਾ ਦਿੱਤਾ ਹੈ। SGPC, ਜੋ ਕਿ ਸਿੱਖ ਪੰਥ ਦੀ ਸਭ ਤੋਂ ਵੱਡੀ ਪ੍ਰਬੰਧਕੀ ਸੰਸਥਾ ਹੈ, ਉਸ ‘ਤੇ ਅਕਾਲੀ ਦਲ ਦੀ ਪੂਰੀ ਗ੍ਰਿਫ਼ਤ ਮੰਨੀ ਜਾ ਰਹੀ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਬਰਖਾਸਤਗੀ ਦੀ ਟਾਈਮਿੰਗ ਨੇ ਵੀ ਸ਼ੱਕ ਪੈਦਾ ਕੀਤਾ ਹੈ। SGPC ਦੇ ਕੁਝ ਮੈਂਬਰ ਵੀ ਇਸ ਫ਼ੈਸਲੇ ਨਾਲ ਖੁਸ਼ ਨਹੀਂ ਦਿਸ ਰਹੇ। ਕਈਆਂ ਨੇ ਦੱਬੇ ਸ਼ਬਦਾਂ ਵਿੱਚ ਪ੍ਰਬੰਧਨ ਤੇ ਨਿਸ਼ਾਨੇ ਸਾਧੇ ਹਨ। ਇਹ SGPC ਦੀ ਅੰਦਰੂਨੀ ਫ਼ੂਟ ਨੂੰ ਵੀ ਜਾਹਰ ਕਰਦਾ ਹੈ, ਜੋ ਅਕਾਲੀ ਦਲ ਲਈ ਇੱਕ ਵੱਡਾ ਖ਼ਤਰੇ ਦਾ ਅਲਾਰਮ ਹੋ ਸਕਦਾ ਹੈ।
ਸੁਖਬੀਰ ਬਾਦਲ – ਆਪਣੀ ਕੁਰਸੀ ਬਚਾਉਣ ਲਈ SGPC ਅਤੇ ਅਕਾਲ ਤਖ਼ਤ ਨਾਲ ਟਕਰਾਅ?
ਪਿਛਲੇ ਕੁਝ ਸਾਲਾਂ ‘ਚ ਅਕਾਲੀ ਦਲ ਦੀ ਮਹਾਨਵਾਈ ਤੇ ਸਿੱਖ ਵੋਟ ਬੈਂਕ ‘ਤੇ ਕਾਫ਼ੀ ਪ੍ਰਭਾਵ ਪਿਆ ਹੈ। ਬਾਦਲ ਪਰਿਵਾਰ ਦੀ SGPC ਉੱਤੇ ਗ੍ਰਿਫ਼ਤ ਦਿਲਚਸਪੀ ਦਾ ਵਿਸ਼ਾ ਰਹੀ ਹੈ। ਪਰ ਜਥੇਦਾਰ ਦੀ ਬਰਖਾਸਤਗੀ ਨੇ ਇਹ ਸਵਾਲ ਚੁੱਕ ਦਿੱਤਾ ਹੈ ਕਿ ਕੀ ਸੁਖਬੀਰ ਬਾਦਲ ਆਪਣੇ ਰਾਜਨੀਤਿਕ ਵਜੂਦ ਨੂੰ ਬਚਾਉਣ ਲਈ ਪੰਥਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ? ਪੰਥਕ ਆਲਮੀਰਿਆਂ ਵਿੱਚ ਇਹ ਗੱਲ ਚਲ ਰਹੀ ਹੈ ਕਿ ਸੁਖਬੀਰ ਬਾਦਲ ਨੇ SGPC ਦੀ ਵਰਤੋਂ ਆਪਣੇ ਹਕ ਚ ਕਰਨ ਦੀ ਕੋਸ਼ਿਸ਼ ਕੀਤੀ।
ਬਿਕਰਮ ਮਜੀਠੀਆ ਦੀ ਬਗਾਵਤ ਨਾਲ ਹਿੱਲਿਆ ਅਕਾਲੀ ਦਲ ?
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੱਥੇਦਾਰ ਦੀ ਬਰਖਾਸਤਗੀ ਦੇ ਖ਼ਿਲਾਫ਼ ਖੁੱਲ੍ਹੀ ਬਗਾਵਤ ਕਰ ਦਿੱਤੀ ਹੈ। ਉਨ੍ਹਾਂ ਨੇ ਪ੍ਰੈੱਸ ਨੋਟ ਜਾਰੀ ਕਰਕੇ ਇਸ ਫ਼ੈਸਲੇ ‘ਤੇ ਵੱਡੇ ਸਵਾਲ ਉੱਠਾਏ ਹਨ। ਮਜੀਠੀਆ ਅਕਾਲੀ ਦਲ ਚ ਯੂਥ ਦੇ ਸਭ ਤੋਂ ਵੱਡੇ ਆਗੂ ਮੰਨੇ ਜਾਂਦੇ ਹਨ, ਉਨ੍ਹਾਂ ਦੀ ਬਗਾਵਤ ਪਾਰਟੀ ਲਈ ਵੱਡੀ ਚੇਤਾਵਨੀ ਹੈ। ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਸਵਾਲ ਹੁਣ ਹੋਰ ਆਗੂ ਵੀ ਪਾਰਟੀ ਛੱਡ ਸਕਦੇ ਹਨ? ਜੇਕਰ ਮਜੀਠੀਆ ਪਾਰਟੀ ਤੋਂ ਕਿਨਾਰਾ ਕਰਦੇ ਹਨ, ਤਾਂ ਇਹ ਅਕਾਲੀ ਦਲ ਲਈ ਵੱਡੀ ਚੁਣੌਤੀ ਹੋਵੇਗੀ।
ਅਕਾਲੀ ਦਲ ਦਾ ਭਵਿੱਖ – ਆਉਣ ਵਾਲੇ ਚੋਣਾਂ ਚ ਨੁਕਸਾਨ?
SGPC ਚ ਟਕਰਾਅ, SGPC ਮੈਂਬਰਾਂ ਵਿੱਚ ਅਵਿਸ਼ਵਾਸ, ਯੂਥ ਆਗੂ ਬਿਕਰਮ ਮਜੀਠੀਆ ਦੀ ਬਗਾਵਤ, ਇਹ ਸਾਰੇ ਸੰਕੇਤ ਦਿੰਦੇ ਹਨ ਕਿ ਅਕਾਲੀ ਦਲ ਦੀ ਭਵਿੱਖ ਦੀ ਰਾਜਨੀਤੀ ਮੁਸ਼ਕਲਾਂ ਵਿੱਚ ਫਸ ਸਕਦੀ ਹੈ। ਆਉਣ ਵਾਲੀਆਂ ਚੋਣਾਂ ‘ਚ ਜੇਕਰ SGPC ਦੀ ਇਮੇਜ ਹੋਰ ਖ਼ਰਾਬ ਹੁੰਦੀ ਹੈ, ਤਾਂ ਅਕਾਲੀ ਦਲ ਦੀ ਹਾਰ ਪੱਕੀ ਹੈ। ਬਿਕਰਮ ਮਜੀਠੀਆ ਦੇ ਯੂਥ ‘ਚ ਪੈਦਾ ਹੋਏ ਅਸਰ ਨੂੰ ਵੀ ਅਕਾਲੀ ਦਲ ਗੁਆਉਂਦੇ ਹੋਏ ਦਿਸ ਰਿਹਾ ਹੈ, ਅੱਗੇ ਹੀ ਸ਼੍ਰੌਮਣੀ ਅਕਾਲੀ ਦੱਲ ਦਾ ਪਿਛਲੇ ਕਈ ਸਾਲਾਂ ਤੋਂ ਬੋਲ ਬਾਲਾ ਬਹੁਤ ਘੱਟ ਗਿਆ ਹੈ।
SGPC ਦੇ ਫ਼ੈਸਲੇ ਨੇ ਅਕਾਲੀ ਦਲ ਦੀ ਅੰਦਰੂਨੀ ਖਿਚਤਾਣ ਨੂੰ ਉਘਾੜ ਦਿੱਤਾ ਹੈ। SGPC ਦੀ ਵਿਸ਼ਵਸਨੀਯਤਾ ‘ਤੇ ਵੱਡਾ ਪ੍ਰਭਾਵ ਪੈ ਰਿਹਾ ਹੈ। ਬਿਕਰਮ ਮਜੀਠੀਆ ਦੀ ਬਗਾਵਤ ਨਾਲ ਪਾਰਟੀ ਦੀ ਅਸਥਿਰਤਾ ਵਧਣ ਦੇ ਆਸਾਰ ਹਨ।
