ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਹਿੰਦਰ ਕਮਾਲਪੁਰਾ ਦੀ ਅਗਵਾਈ ਹੇਠ ਪਿੰਡ ਕਮਾਲਪੁਰਾ ਵਿੱਚ ਹੋਈ ਜਿਸ ਵਿੱਚ ਸੂਬਾਈ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਸਵਾ ਸਾਲ ਚੱਲੇ ਸੰਘਰਸ਼ ’ਚ ਬਲਾਕ ਸਿੱਧਵਾਂ ਬੇਟ ਦੇ ਪਿੰਡ ਲੋਧੀਵਾਲ ਦਾ ਮਾਪਿਆਂ ਦਾ ਇਕਲੌਤਾ ਪੁੱਤਰ ਬਲਕਰਨ ਸਿੰਘ ਸ਼ਹੀਦ ਹੋ ਗਿਆ ਸੀ। ਇਸ ਵਾਰ ਵੀ 23 ਮਾਰਚ ਨੂੰ ਸ਼ਹੀਦ ਦੀ ਬਰਸੀ ਮਨਾਈ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਪਹੁੰਚਣ ਦੀ ਅਪੀਲ ਕੀਤੀ।
ਇਕ ਮਤੇ ਰਾਹੀਂ ਕਿਸਾਨ ਆਗੂਆਂ ਨਾਲ ਮੀਟਿੰਗ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਖਤਿਆਰ ਵਤੀਰੇ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਹੀ ਇਸ਼ਾਰੇ ‘ਤੇ ਪੁਲੀਸ ਦੁਆਰਾ ਕਿਸਾਨ ਆਗੂਆਂ ਦੀ ਫੜੋ ਫੜੀ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਪਦਚਿੰਨ੍ਹਾਂ ‘ਤੇ ਹੀ ਸੂਬਾ ਸਰਕਾਰ ਚੱਲ ਰਹੀ ਹੈ। ਲੋਕਾਂ ਨੇ ਜਿਹੜੇ ਭਰੋਸੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਰਕਾਰ ਬਣਨ ‘ਤੇ ਇਹ ਭਰੋਸੇ ‘ਤੇ ਖਰੀ ਨਹੀਂ ਉੱਤਰੀ। ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾਂ, ਹਰਬਖਸ਼ੀਸ਼ ਸਿੰਘ ਰਾਏ ਚੱਕ, ਬਲਵਿੰਦਰ ਸਿੰਘ ਕਮਾਲਪੁਰਾ, ਸੁਖਦੇਵ ਸਿੰਘ ਲੇਹਲ, ਡਾ. ਜਗਤਾਰ ਸਿੰਘ ਐਤੀਆਣਾ, ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ, ਅਵਨਿੰਦਰ ਸਿੰਘ ਐਨੀ, ਗੁਰਪ੍ਰੀਤ ਸਿੰਘ ਘੁਡਾਣੀ, ਜਗਤਾਰ ਸਿੰਘ ਸਿਆੜ, ਦਵਿੰਦਰ ਸਿੰਘ ਗੁੜੇ ਤੇ ਹੋਰ ਹਾਜ਼ਰ ਸਨ।
