ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਗਾਇਕ ਨਿੱਤਰੇ ਹਨ। ਇਨ੍ਹਾਂ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਘੁੱਗੀ, ਸ਼੍ਰੀ ਬਰਾੜ, ਕਾਕਾ, ਸੋਨਮ ਬਾਜਵਾ ਤੇ ਹਿਮਾਂਸ਼ੀ ਖੁਰਾਣਾ ਸ਼ਾਮਲ ਹਨ, ਜਿਨ੍ਹਾਂ ਨੇ ਸੁਨੰਦਾ ਨੂੰ ਥਾਪੜਾ ਦਿੱਤਾ ਹੈ।ਪੰਜਾਬੀ ਗਾਇਕ ਕਾਕਾ ਨੇ ਪੋਸਟ ਵਿੱਚ ਸੁਨੰਦਾ ਦਾ ਸਮਰਥਨ ਕਰਦਿਆਂ ਲਿਖਿਆ, ਮੈਂ ਸੋਚਿਆ ਬੱਸ ਮੈਨੂੰ ਹੀ ਲੁੱਟਿਆ ਜਾ ਰਿਹੈ, ਹੁਣ ਪਤਾ ਲੱਗਾ ਕਿ ਇਥੇ ਕਿੰਨੇ ਲੋਕਾਂ ਦੀ ਰੋਟੀ ਖੋਹੀ ਜਾ ਰਹੀ ਹੈ ਅਤੇ ਫਿਰ ਇਹ ਕਹਿੰਦੇ ਹਨ ਕਿ ਰੋਟੀ ਪਾਈ ਜਾ ਰਹੀ ਹੈ। ਅਜੇ ਇਸ ਕੇਸ ਵਿੱਚ ਹੋਰ ਵੀ ਪਰਤਾਂ ਖੁੱਲ੍ਹਣਗੀਆਂ।
ਇਸ ਦੇ ਨਾਲ ਹੀ ਅਦਾਕਾਰਾ ਸੋਨਮ ਬਾਜਵਾ ਨੇ ਅੱਗੇ ਆਉਂਦਿਆਂ ਕਿਹਾ ਕਿ ਸੱਚ ਦੀ ਹੀ ਜਿੱਤ ਹੁੰਦੀ ਹੈ।
ਸੁਨੰਦਾ ਸ਼ਰਮਾ ਦੇ ਹੱਕ ਵਿਚ ਅੱਗੇ ਆਈ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਕਿਹਾ ਕਿ ਮੇਰੇ ਨਾਲ ਵੀ 2017 ‘ਚ ਇਹੀ ਕੁਝ ਹੋਇਆ ਸੀ। ਮੈਂ ਰੋਂਦੀ ਰਹੀ ਤੇ ਕੰਮ ਦੀ ਭੀਖ ਮੰਗਦੀ ਰਹੀ। ਮੈਂ ਬਿਨ੍ਹਾਂ ਪੈਸਿਆਂ ਤੋਂ 7 ਮਹੀਨੇ ਤੱਕ ਕੰਮ ਕੀਤਾ। ਮੈਂ ਚੁੱਪ ਚਾਪ ਆਪਣੀ ਲੜਾਈ ਲੜੀ। ਇਹ ਸਾਡੇ ਨਾਲ MIND GAME ਖੇਡਦੇ ਹਨ। ਪੰਜਾਬ ਵਿਚ ਹਰ ਦੂਜੇ ਕਲਾਕਾਰ ਦੀ ਇਹੀ ਕਹਾਣੀ ਹੈ।
ਇਸ ਦੇ ਨਾਲ ਹੀ ਪੰਜਾਬੀ ਗਾਇਕ ਬੱਬੂ ਮਾਨ ਵੀ ਸੁਨੰਦਾ ਸ਼ਰਮਾ ਦੇ ਹੱਕ ਵਿਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਮੁਸ਼ਕਿਲ ਭਰੇ ਸਮੇਂ ਵਿੱਚ ਤੇਰੇ ਨਾਲ ਹਾਂ। ਘਬਰਾਉਣਾ ਨਹੀਂ, ਦਬਣਾ ਨਹੀਂ ਹੈ।
