ਇੱਕ ਹੈਰਾਨ ਕਰਨ ਵਾਲੀ ਘਟਨਾ ‘ਚ ਬੁੱਧਵਾਰ ਰਾਤ ਨੂੰ ਕੰਚਨਬਾਗ ਦੇ ਬਾਬਾ ਨਗਰ ‘ਚ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਨੌਜਵਾਨਾਂ ਦੇ ਇੱਕ ਸਮੂਹ ਨੇ ਇੱਕ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਇੱਕ ਬਜ਼ੁਰਗ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਸੀ ਅਤੇ ਹਮਲੇ ਦੀ ਵੀਡੀਓ ਉਦੋਂ ਤੋਂ ਵਾਇਰਲ ਹੋ ਰਹੀ ਹੈ।
ਰਿਪੋਰਟਾਂ ਅਨੁਸਾਰ, ਪੀੜਤ, ਜ਼ਾਕਿਰ ਖਾਨ (62), ਜੋ ਬਾਬਾ ਨਗਰ ਦੇ ‘ਸੀ ਬਲਾਕ’ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ, ਦੀ ਕਥਿਤ ਤੌਰ ‘ਤੇ ਇੱਕ ਪਾਨ ਦੁਕਾਨ ਦੇ ਮਾਲਕ ਨਾਲ ਬਹਿਸ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਖਾਨ ਦੀ ਦੁਕਾਨ ਦੇ ਨਾਲ ਦੀ ਦੁਕਾਨ ਉੱਤੇ ਆਏ ਕੁਝ ਗਾਹਕ ਉਸ ਦੀ ਦੁਕਾਨ ਮੂਹਰੇ ਆ ਕੇ ਬੈਠ ਗਏ, ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਸ਼ੁਰੂ ਹੋਇਆ।
ਜਦੋਂ ਜ਼ਾਕਿਰ ਨੇ ਇਸ ‘ਤੇ ਇਤਰਾਜ਼ ਕੀਤਾ ਅਤੇ ਉਨ੍ਹਾਂ ਨੂੰ ਕੁਰਸੀਆਂ ਹਟਾਉਣ ਲਈ ਕਿਹਾ ਤਾਂ ਨੌਜਵਾਨਾਂ ਦੇ ਇੱਕ ਸਮੂਹ ਨੇ ਉਸਨੂੰ ਕੁੱਟਿਆ, ਉਸਦੇ ਚਿਹਰੇ ਅਤੇ ਛਾਤੀ ‘ਤੇ ਮੁੱਕੇ ਮਾਰੇ ਅਤੇ ਉਸਨੂੰ ਹੇਠਾਂ ਧੱਕ ਦਿੱਤਾ। ਇਸ ਸਾਲੀ ਘਟਨਾ ਦੌਰਾਨ ਜ਼ਾਕਿਰ ਦੀ ਮੌਤ ਹੋ ਗਈ। ਸੂਚਿਤ ਕੀਤੇ ਜਾਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਤੇ ਫਿਲਹਾਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਰਿਪੋਰਟਾਂ ਮੁਤਾਬਕ ਜ਼ਾਕਿਰ ਦੀ 2016 ਵਿੱਚ ਓਪਨ-ਹਾਰਟ ਸਰਜਰੀ ਹੋਈ ਸੀ। ਜਾਣਕਾਰੀ ਅਨੁਸਾਰ ਉਸਦੇ ਦੋ ਪੁੱਤਰਾਂ ‘ਤੇ ਵੀ ਹਮਲਾ ਕੀਤਾ ਗਿਆ ਸੀ।