ਨੈਸ਼ਨਲ ਟਾਈਮਜ਼ ਬਿਊਰੋ :- ਲਿਬਰਲ ਪਾਰਟੀ ਨੇ ਨਵੇਂ ਆਗੂ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਹਲਫ਼ਦਾਰੀ ਸਮਾਗਮ ਰਿਡਿਊ ਹਾਲ ਸਥਿਤ ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਦੇ ਗ੍ਰਹਿ ਵਿਖੇ ਹੋਵੇਗਾ। ਇਸ ਮੌਕੇ ਕਾਰਨੀ ਕੈਬਨਿਟ ਦੇ ਬਾਕੀ ਮੰਤਰੀ ਵੀ ਹਲਫ਼ ਲੈਣਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗਵਰਨਰ ਜਨਰਲ ਹਾਊਸ ਪਹੁੰਚ ਕੇ ਰਸਮੀ ਤੌਰ ’ਤੇ ਆਪਣਾ ਅਸਤੀਫਾ ਦੇਣਗੇ। ਖ਼ਬਰ ਲਿਖੇ ਜਾਣ ਤੱਕ ਨਵੀਂ ਕੈਬਨਿਟ ਵਿਚ ਮੰਤਰੀਆਂ ਦੇ ਨਾਵਾਂ ਨੂੰ ਲੈ ਕੇ ਭੇਤ ਬਰਕਰਾਰ ਸੀ। ਉਂਝ ਮੁੱਢਲੇ ਸੰਕੇਤਾਂ ਅਨੁਸਾਰ ਨਵਾਂ ਮੰਤਰੀ ਮ਼ੰਡਲ ਮੌਜੂਦਾ (36 ਮੈਂਬਰੀ) ਤੋਂ ਕਾਫੀ ਛੋਟਾ ਹੋਵੇਗਾ। ਹਾਲਾਂਕਿ ਅਜਿਹੇ ਕਿਆਸ ਹਨ ਕਿ ਮੌਜੂਦਾ ਮੰਤਰੀਆਂ ’ਚੋਂ ਸਿਰਫ ਉਹੀ ਮੁੜ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਨੇ ਵਡਿਆਇਆ ਹੈ।
ਚੇਤੇ ਰਹੇ ਕਿ ਜਸਟਿਨ ਟਰੂਡੋ ਵੱਲੋਂ 6 ਜਨਵਰੀ ਨੂੰ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਤੋਂ ਪਹਿਲਾਂ ਹੀ ਗਵਰਨਰ ਜਨਰਲ ਨੇ ਸੰਸਦ ਦਾ ਬਹਾਰ ਰੁੱਤ ਇਜਲਾਸ 24 ਮਾਰਚ ਤੱਕ ਮੁਲਤਵੀ ਕਰ ਦਿੱਤਾ ਸੀ। ਘੱਟਗਿਣਤੀ ਲਿਬਰਲ ਸਰਕਾਰ ਨੂੰ ਹਾਲਾਂਕਿ ਉਦੋਂ ਤੱਕ ਕੋਈ ਖਤਰਾ ਨਹੀਂ, ਪਰ ਸੂਤਰਾਂ ਦਾ ਮੰਨਣਾ ਹੈ ਕਿ ਨਵੇਂ ਪ੍ਰਧਾਨ ਮੰਤਰੀ ਉਸ ਤੋਂ ਪਹਿਲਾਂ ਹੀ ਸੰਸਦ ਭੰਗ ਕਰਕੇ ਮੱਧਕਾਲੀ ਚੋਣਾਂ ਦਾ ਐਲਾਨ ਕਰ ਸਕਦੇ ਹਨ।ਜਸਟਿਨ ਟਰੂਡੋ ਵਲੋਂ ਪਾਰਟੀ ਲੀਡਰ ਵਜੋਂ ਅਸਤੀਫੇ ਤੋਂ ਪਹਿਲਾਂ ਮੁੱਖ ਵਿਰੋਧੀ ਪਾਰਟੀ ਆਗੂ ਵਲੋਂ ਮੱਧਕਾਲੀ ਚੋਣਾਂ ਲਈ ਕਾਫੀ ਜ਼ੋਰ ਲਾਇਆ ਜਾ ਰਿਹਾ ਸੀ, ਪਰ ਅਮਰੀਕਨ ਟੈਰਿਫ ਮਾਮਲੇ ਤੋਂ ਬਾਅਦ ਕੈਨੇਡਾ ਦੇ ਸਿਆਸੀ ਮਾਹੌਲ ਵਿੱਚ ਆਏ ਬਦਲਾਅ ਕਾਰਨ ਉਹੀ ਪਾਰਟੀ ਅੰਦਰਖਾਤੇ ਜਲਦੀ ਚੋਣਾਂ ਤੋਂ ਪਾਸਾ ਵੱਟਦੀ ਲੱਗਦੀ ਹੈ।